ਚੰਡੀਗੜ੍ਹ- ਰੌਕ ਗਾਰਡਨ ਦੀ ਕੰਧ ਦੇ ਇੱਕ ਹਿੱਸੇ ਨੂੰ ਢਾਹੁਣ ਦੇ ਵਿਰੁੱਧ ਨਾਗਰਿਕਾਂ ਦੇ ਲਗਾਤਾਰ ਸਖ਼ਤ ਵਿਰੋਧ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ 8 ਅਤੇ 9 ਮਾਰਚ ਦੀ ਅੱਧੀ ਰਾਤ ਨੂੰ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਹਾਲਾਂਕਿ ਪਹਿਲਾਂ ਕੰਮ ਦੀ ਰਫ਼ਤਾਰ ਮੱਠੀ ਸੀ ਪ੍ਰੰਤੂ ਹੁਣ ਵਿਰੋਧ ਦੇ ਚਲਦਿਆਂ ਪ੍ਰਸ਼ਾਸਨ ਨੇ ਤੇਜ਼ੀ ਨਾਲ ਕੰਮ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਸੇਵਿੰਗ ਚੰਡੀਗੜ੍ਹ ਤੋਂ ਆਰਕੇ ਗਰਗ, ਦੀਪਿਕਾ ਗਾਂਧੀ, ਅਭਿਰਾਜ, ਚਾਂਦਨੀ, ਨਵਦੀਪ, ਅੰਜਲੀ ਪੁਰੀ, ਅੰਮ੍ਰਿਤਾ ਅਤੇ ਸਮਿਤਾ ਨੇ ਕਿਹਾ ਕਿ ਵਿਰਾਸਤ ਨੂੰ ਤਹਿਸ-ਨਹਿਸ ਕਰਨ ਅਤੇ ਦਰੱਖ਼ਤਾਂ ਨੂੰ ਕੱਟਣ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਦੀ ਇਸ ਕਾਰਵਾਈ ਵਿਰੁੱਧ ਲੋਕਾਂ ਵਿੱਚ ਬਹੁਤ ਗੁੱਸਾ ਹੈ।
ਉਨ੍ਹਾਂ ਕਿਹਾ ਕਿ ਆਧੁਨਿਕ ਭਾਰਤ ਦੇ ਸਭ ਤੋਂ ਛੋਟੇ ਅਤੇ ਇਕਲੌਤੇ ਯੋਜਨਾਬੱਧ ਸ਼ਹਿਰਾਂ ਵਿੱਚੋਂ ਇੱਕ ਚੰਡੀਗੜ੍ਹ ਹੈ। ਵਾਤਾਵਰਨ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਡਰਾਇੰਗਾਂ ਵਿੱਚ ਕਾਫ਼ੀ ਅੰਤਰ ਹਨ ਕਿਉਂਕਿ ਮੌਜੂਦਾ ਕੰਮ ਡਰਾਇੰਗਾਂ ਮੁਤਾਬਕ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਤੋਂ ਮੌਕੇ ’ਤੇ ਜਾ ਕੇ ਸਰਵੇਖਣ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਉਦਯਾਨ ਮਾਰਗ ਤੋਂ ਰੌਕ ਗਾਰਡਨ ਤੱਕ ਸੜਕ ਨੂੰ ਚੌੜਾ ਕਰਨ ਦੀ ਪ੍ਰਕਿਰਿਆ ਵਿੱਚ ਕੱਟੇ ਗਏ ਜਾਂ ਨੁਕਸਾਨੇ ਗਏ ਦਰੱਖ਼ਤਾਂ ਦੀ ਅਸਲ ਗਿਣਤੀ ਦਾ ਪਤਾ ਲਗਾਇਆ ਜਾ ਸਕੇ। ਇਸ ਤੋਂ ਇਲਾਵਾ ਮਾਸਟਰ ਪਲਾਨ ਵਿੱਚ ਸਪੱਸ਼ਟ ਤੌਰ ’ਤੇ ਸੂਚਿਤ ਕੀਤੇ ਗਏ ਸ਼ਹਿਰ ਦੇ ਹਰੀਆਂ ਥਾਵਾਂ ਸਬੰਧੀ ਨਿਯਮਾਂ ਦੀ ਉਲੰਘਣਾ ਕਰਕੇ ਡਰਾਇੰਗ ਤਿਆਰ ਕਰਨ ਅਤੇ ਕੰਮ ਕਰਨ ਲਈ ਪੂਰੀ ਪ੍ਰਕਿਰਿਆ ਵਿੱਚ ਮੁੱਖ ਆਰਕੀਟੈਕਟ ਅਤੇ ਮੁੱਖ ਇੰਜੀਨੀਅਰ ਦੀ ਜਵਾਬਦੇਹੀ ਦੀ ਵੀ ਮੰਗ ਕੀਤੀ ਹੈ।
ਪ੍ਰਦਰਸ਼ਨਕਾਰੀਆਂ ਨੇ ਹਾਈ ਕੋਰਟ ਦੇ ਦੋਹਰੇ ਮਾਪਦੰਡਾਂ ਵੱਲ ਵੀ ਇਸ਼ਾਰਾ ਕੀਤਾ ਕਿ ਸੁਖਨਾ ਕੈਚਮੈਂਟ ਖੇਤਰ ਵਿੱਚ ਬਸਤੀਆਂ ਦੇ ਕੁਝ ਹਿੱਸੇ ਨੂੰ ਗੈਰ-ਕਾਨੂੰਨੀ ਐਲਾਨਿਆ ਗਿਆ ਹੈ ਜਦੋਂ ਕਿ ਪ੍ਰਸ਼ਾਸਨ ਨੂੰ ਪਾਰਕਿੰਗ ਲਈ ਇਸ ਖੇਤਰ ਦੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਹੈ।
ਵਾਤਾਵਰਨ ਪ੍ਰੇਮੀ ਸਮਿਤਾ ਕੌਰ ਨੇ ਕਿਹਾ ਕਿ ਰੌਕ ਗਾਰਡਨ ਦੀ ਇਸ ਕੰਧ ’ਤੇ ਮਹਾਨ ਕਲਾਕਾਰ ਨੇਕ ਚੰਦ ਦੇ ਦਸਤਖ਼ਤ ਸਨ, ਜਿਸ ਨੂੰ ਪ੍ਰਸ਼ਾਸਨ ਵੱਲੋਂ ਬੁਲਡੋਜ਼ਰ ਚਲਾ ਕੇ ਮਲਬੇ ਵਿੱਚ ਦੱਬ ਦਿੱਤਾ ਗਿਆ ਹੈ। ਅਜਿਹਾ ਕਰਕੇ ਇੱਕ ਮਹਾਨ ਕਲਾਕਾਰ ਦੀ ਰਚਨਾਤਮਕ ਕਲਾ ਨੂੰ ਬਰਬਾਦ ਕਰ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਲੋਕਾਂ ਵੱਲੋਂ ਵਾਰ-ਵਾਰ ਰੋਸ ਪ੍ਰਦਰਸ਼ਨ ਕਰਕੇ ਪ੍ਰਸ਼ਾਸਨ ਦਾ ਧਿਆਨ ਇਸ ਪਾਸੇ ਦਿਵਾਉਣ ਸਮੇਤ ਪ੍ਰਸ਼ਾਸਕ, ਸਲਾਹਕਾਰ ਅਤੇ ਮੈਂਬਰ ਪਾਰਲੀਮੈਂਟ ਨੂੰ ਲਿਖਤੀ ਪੱਤਰ ਵੀ ਭੇਜੇ ਗਏ ਪ੍ਰੰਤੂ ਲੋਕਾਂ ਨੂੰ ਗੱਲਬਾਤ ਲਈ ਨਹੀਂ ਸੱਦਿਆ ਗਿਆ। ਉਨ੍ਹਾਂ ਮੰਗ ਕੀਤੀ ਕਿ ਸੇਵਿੰਗ ਚੰਡੀਗੜ੍ਹ ਦੇ ਮੈਂਬਰਾਂ ਨੂੰ ਸੱਦ ਕੇ ਗੱਲਬਾਤ ਕੀਤੀ ਜਾਵੇ ਅਤੇ ਵਾਤਾਵਰਨ ਬਚਾਉਣ ਲਈ ਦਰੱਖ਼ਤਾਂ ਦੀ ਕਟਾਈ ਤੁਰੰਤ ਰੋਕੀ ਜਾਵੇ ਅਤੇ ਵਿਰਾਸਤਾਂ ਨੂੰ ਬਚਾਇਆ ਜਾਵੇ।