ਮੁੰਬਈ: ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਆਪਣੀ ਜ਼ਿੰਦਗੀ ’ਚ ਸਫਲਤਾ ਦਾ ਮੰਤਰ ਲੋਕਾਂ ਨਾਲ ਸਾਂਝਾ ਕੀਤਾ ਹੈ, ਜੋ ਬੜਾ ਦਿਲਚਸਪ ਹੈ। ਇਸ ਸਬੰਧੀ ਇੰਸਟਾਗ੍ਰਾਮ ’ਤੇ ਦਿਲਜੀਤ ਨੇ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿੱਚ ਉਸ ਨੇ ਕਾਲੀ ਪੈਂਟ ਤੇ ਜੈਕੇਟ ਦੇ ਨਾਲ ਟੋਪੀ ਪਾਈ ਹੋਈ ਹੈ ਤੇ ਐਨਕਾਂ ਲਾਈਆਂ ਹੋਈਆਂ ਹਨ। ਉਹ ਲੰਬੇ ਅਤੇ ਤੰਗ ਰਸਤੇ ’ਚ ਖੜ੍ਹਾ ਹੈ, ਜਿਸ ਦੇ ਦੋਵੇਂ ਪਾਸੇ ਦਰੱਖਤ ਹਨ। ਇਨ੍ਹਾਂ ਨਾਲ ਕੈਪਸ਼ਨ ਵਿੱਚ ਉਸ ਨੇ ਲਿਖਿਆ ਹੈ, ‘‘ਜ਼ਿੰਦਗੀ ਬਹੁਤ ਛੋਟੀ ਹੈ….ਸਿਰਫ਼ ਇੰਨਾ ਹੀ ਆਖੋ ‘ਟੈਨਸ਼ਨ ਮਿੱਤਰਾਂ ਨੂੰ ਹੈ ਨੀ’ ਅਤੇ ਅੱਗੇ ਵਧੋ।’’ ਗਾਇਕ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਵੀਡੀਓ ਅਨੁਸਾਰ ਉਹ ਕੈਫੇ ਵਿੱਚ ਬੈਠਾ ਹੈ। ਇਸ ਵੀਡੀਓ ਦੇ ਪਿੱਛੇ ਉਸ ਦਾ ਗੀਤ ‘ਵਾਟਰ’ ਚੱਲ ਰਿਹਾ ਹੈ। ਗਾਇਕ ਨੇ ਕੈਪਸ਼ਨ ਲਿਖੀ ਹੈ, ‘‘ਲੋਕਾਂ ਨੇ ਕੀ ਕਹਿਣਾ? ਮੈਨੂੰ ਕੌਫ਼ੀ ਨਾਲ ਪਿਆਰ ਹੈ।’’ ਦਿਲਜੀਤ ਨੇ ਹਾਲ ਹੀ ਵਿੱਚ ਮੁਲਕ ਭਰ ਵਿੱਚ ਆਪਣਾ ਸੰਗੀਤ ਟੂੁਰ ਮੁਕੰਮਲ ਕੀਤਾ ਹੈ। ਇਸ ਤੋਂ ਬਿਨਾਂ ਉਸ ਦੀ ਅਗਲੀ ਫਿਲਮ ‘ਪੰਜਾਬ 95’ ਵੀ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ ਮਨੁੱਖੀ ਹੱਕਾਂ ਲਈ ਲੜਨ ਵਾਲੇ ਜਸਵੰਤ ਸਿੰਘ ਖਾਲੜਾ ’ਤੇ ਆਧਾਰਿਤ ਹੈ। ਇਸ ਵਿੱਚ ਸਾਲ 1984 ਵਿੱਚ ਹੋਏ ਸਿੱਖ ਕਤਲੇਆਮ ਸਮੇਂ ਪੰਜਾਬ ਵਿੱਚ ਕੀਤੇ ਨੌਜਵਾਨਾਂ ਦੇ ਘਾਣ ਦਾ ਮਾਮਲਾ ਚੁੱਕਿਆ ਗਿਆ ਹੈ।
previous post