ਅਮਰੀਕਾ-ਦੁਨੀਆ ਦੇ ਸਭ ਤੋਂ ਵੱਡੇ ਬੈਟਰੀ ਭੰਡਾਰਨ ਪਲਾਂਟਾਂ ’ਚੋਂ ਇਕ ਵਿੱਚ ਵੀਰਵਾਰ ਦੁਪਹਿਰ ਨੂੰ ਭਿਆਨਕ ਅੱਗ ਲੱਗਣ ਕਾਰਨ ਸੈਂਕੜੇ ਲੋਕਾਂ ਨੂੰ ਉੱਥੋਂ ਹਟਣ ਦਾ ਆਦੇਸ਼ ਦਿੱਤਾ ਗਿਆ ਅਤੇ ਉੱਤਰੀ ਕੈਲੀਫੋਰਨੀਆ ਵਿੱਚ ਕੌਮੀ ਸ਼ਾਹਰਾਹ ਨੰਬਰ-1 ਦਾ ਇਕ ਹਿੱਸਾ ਬੰਦ ਕਰ ਦਿੱਤਾ ਗਿਆ।
ਮਰਕਰੀ ਨਿਊਜ਼ ਦੀ ਖ਼ਬਰ ਮੁਤਾਬਕ, ਅੱਗ ਦੀਆਂ ਲਪਟਾਂ ਤੇ ਕਾਲਾ ਧੂੰਆਂ ਉੱਠਣ ਲੱਗਾ ਅਤੇ ਵੀਰਵਾਰ ਰਾਤ ਤੱਕ ਇਸ ਵਿੱਚ ਕਮੀ ਆਉਣ ਦਾ ਕੋਈ ਸੰਕੇਤ ਨਹੀਂ ਦਿਖਿਆ, ਜਿਸ ਕਰ ਕੇ ਲਗਪਗ 1500 ਲੋਕਾਂ ਨੂੰ ਮੌਸ ਲੈਂਡਿੰਗ ਤੇ ਐਲਕਹੌਰਨ ਸਲੌ ਖੇਤਰ ਖਾਲੀ ਕਰਨ ਦਾ ਨਿਰਦੇਸ਼ ਦਿੱਤਾ ਗਿਆ।
ਸਾਂ ਫਰਾਂਸਿਸਕੋ ਤੋਂ ਲਗਪਗ 124 ਕਿਲੋਮੀਟਰ ਦੱਖਣ ਵਿੱਚ ਸਥਿਤ ਮੌਸ ਲੈਂਡਿੰਗ ਪਾਵਰ ਪਲਾਂਟ ਦੀ ਮਾਲਕੀ ਟੈਕਸਾਸ ਦੀ ਕੰਪਨੀ ਵਿਸਟਰਾ ਐਨਰਜੀ ਕੋਲ ਹੈ ਅਤੇ ਇਸ ਵਿੱਚ ਹਜ਼ਾਰਾਂ ਲਿਥੀਅਮ ਬੈਟਰੀਆਂ ਹਨ।
ਇਹ ਬੈਟਰੀਆਂ ਸੌਰ ਊਰਜਾ ਵਰਗੇ ਨਵਿਆਉਣਯੋਗ ਊਰਜਾ ਸਰੋਤਾਂ ਤੋਂ ਪ੍ਰਾਪਤ ਬਿਜਲੀ ਦੇ ਭੰਡਾਰਨ ਲਈ ਅਹਿਮ ਹਨ ਪਰ ਜੇ ਇਨ੍ਹਾਂ ਵਿੱਚ ਅੱਗ ਲੱਗ ਜਾਵੇ ਤਾਂ ਇਸ ਨੂੰ ਬੁਝਾਉਣਾ ਬਹੁਤ ਮੁਸ਼ਕਿਲ ਹੋ ਸਕਦਾ ਹੈ। ਮੋਂਟੇਰੀ ਕਾਊਂਟੀ ਦੇ ਸੁਪਰਵਾਈਜ਼ਰ ਗਲੇਨ ਚਰਚ ਨੇ ਕੇਐੱਸਬੀਡਬਲਿਊ-ਟੀਵੀ ਨੂੰ ਕਿਹਾ ਕਿ ਇਹ ਇਕ ਆਫ਼ਤ ਹੈ।