ਜੰਮੂ-ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਦੂਰ ਦੁਰਾਡੇ ਜੰਗਲੀ ਇਲਾਕੇ ਵਿਚ ਦਹਿਸ਼ਤਗਰਦਾਂ ਨਾਲ ਜਾਰੀ ਮੁਕਾਬਲੇ ਵਿਚ ਸੁਰੱਖਿਆ ਬਲਾਂ ਦੇ ਚਾਰ ਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਮੁਕਾਬਲਾ ਅੱਜ ਸਵੇਰੇ 11 ਵਜੇ ਦੇ ਕਰੀਬ ਕੇਸਵਾਂ ਦੇ ਜੰਗਲਾਂ ਵਿਚ ਹੋਇਆ। ਜਾਣਕਾਰੀ ਅਨੁਸਾਰ ਫੌਜ ਤੇ ਪੁਲੀਸ ਦੀ ਸਾਂਝੀ ਟੀਮ ਨੇ ਜੰਗਲ ਵਿਚ ਤਲਾਸ਼ੀ ਮੁਹਿੰਮ ਵਿੱਢੀ ਸੀ ਤੇ ਇਸ ਦੌਰਾਨ ਉਥੇ ਲੁਕੇ ਦਹਿਸ਼ਤਗਰਦਾਂ ਨਾਲ ਟਾਕਰਾ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਦੋ ਵਿਲੇਜ ਡਿਫੈਂਸ ਗਾਰਡਾਂ (ਵੀਡੀਜੀ’ਜ਼) ਦੀ ਹੱਤਿਆ ਮਗਰੋਂ ਵੀਰਵਾਰ ਸ਼ਾਮ ਤੋਂ ਕੁੰਟਵਾੜਾ ਤੇ ਕੇਸਵਾਂ ਦੇ ਜੰਗਲਾਂ ਵਿਚ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਅਪਰੇਸ਼ਨ ਜਾਰੀ ਹੈ। ਪੁਲੀਸ ਦੇ ਤਰਜਮਾਨ ਨੇ ਕਿਹਾ, ‘‘ਕੇਸਵਾਂ-ਕਿਸ਼ਤਵਾੜ ਦਰਮਿਆਨ ਦਹਿਸ਼ਤਗਰਦਾਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਜਾਰੀ ਹੈ। ਮੰਨਿਆ ਜਾਂਦਾ ਹੈ ਕਿ ਸੁਰੱਖਿਆ ਬਲਾਂ ਨੇ ਤਿੰਨ ਜਾਂ ਚਾਰ ਦਹਿਸ਼ਤਗਰਦਾਂ ਨੂੰ ਘੇਰਾ ਪਾਇਆ ਹੋਇਆ ਹੈ।’’ ਅਧਿਕਾਰੀਆਂ ਨੇ ਕਿਹਾ ਕਿ ਇਹ ਉਹੀ ਦਹਿਸ਼ਤਗਰਦ ਹਨ ਜਿਨ੍ਹਾਂ ਨੇ ਦੋ ਪਿੰਡ ਵਾਸੀਆਂ ਦੀ ਹੱਤਿਆ ਕੀਤੀ ਸੀ।
ਫੌਜ ਦੀ ਜੰਮੂ ਅਧਾਰਿਤ ਵ੍ਹਾਈਟ ਨਾਈਟ ਕੋਰਪਸ ਨੇ ਐਕਸ’ਤੇ ਇਕ ਪੋਸਟ ਵਿਚ ਕਿਹਾ, ‘‘ਦਹਿਸ਼ਤਗਰਦਾਂ ਦੀ ਮੌਜੂਦਗੀ ਸਬੰਧੀ ਪੁਖਤਾ ਜਾਣਕਾਰੀ ਦੇ ਅਧਾਰ ਉੱਤੇ ਸੁਰੱਖਿਆ ਬਲਾਂ ਨੇ ਆਮ ਵਸੋਂ ਵਾਲੇ ਇਲਾਕੇ ਭਾਰਤ ਰਿੱਜ, ਕਿਸ਼ਤਵਾੜ ਵਿਚ ਸਾਂਝਾ ਅਪਰੇਸ਼ਨ ਚਲਾਇਆ ਸੀ। ਇਹ ਦਹਿਸ਼ਤਗਰਦਾਂ ਦਾ ਉਹੀ ਸਮੂਹ ਹੈ, ਜਿਸ ਨੇ ਦੋ ਵਿਲੇਜ ਡਿਫੈਂਸ ਗਾਰਡਜ਼ ਨੂੰ ਅਗਵਾ ਕਰਨ ਮਗਰੋਂ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ।’’ ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂਆਤੀ ਮੁਕਾਬਲੇ ਵਿਚ ਚਾਰ ਫੌਜੀ ਜਵਾਨ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਨ੍ਹਾਂ ਵਿਚੋਂ ਤਿੰਨ ਦੀ ਹਾਲਤ ‘ਨਾਜ਼ੁਕ’ ਦੱਸੀ ਜਾਂਦੀ ਹੈ।ਇਸ ਦੌਰਾਨ ਸ੍ਰੀਨਗਰ ਸ਼ਹਿਰ ਦੇ ਬਾਹਰਵਾਰ ਜ਼ਾਬਰਵਾਨ ਜੰਗਲੀ ਇਲਾਕੇ ਵਿਚ ਵੀ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਵਿਚਾਲੇ ਮੁਕਾਬਲਾ ਜਾਰੀ ਹੈ। ਅਧਿਕਾਰੀਆਂ ਮੁਤਾਬਕ ਸਲਾਮਤੀ ਦਸਤਿਆਂ ਨੇ ਦੋ ਤੋਂ ਤਿੰਨ ਦਹਿਸ਼ਤਗਰਦਾਂ ਨੂੰ ਘੇਰਾ ਪਾਇਆ ਹੋਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਨਿਸ਼ਾਤ ਇਲਾਕੇ ਦੇ ਉਪਰਲੇ ਹਿੱਸੇ ਨੂੰ ਡਾਚੀਗਾਮ ਨਾਲ ਜੋੜਦੇ ਜੰਗਲੀ ਇਲਾਕੇ ਵਿਚ ਸਵੇਰੇ 9 ਵਜੇ ਦੇ ਕਰੀਬ ਮੁਕਾਬਲਾ ਸ਼ੁਰੂ ਹੋਇਆ। ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਦੀ ਮੌਜੂਦਗੀ ਸਬੰਧੀ ਪੁਖਤਾ ਜਾਣਕਾਰੀ ਮਿਲਣ ਮਗਰੋਂ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਵਿੱਢੀ ਸੀ। ਆਖਰੀ ਖ਼ਬਰਾਂ ਮਿਲਣ ਤੱਕ ਮੁਕਾਬਲਾ ਜਾਰੀ ਸੀ।