ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਲੰਡਨ ਦੌਰੇ ਦੌਰਾਨ ਖਾਲਿਸਤਾਨੀ ਸਮਰਥਕ ਵੱਲੋਂ ਉਨ੍ਹਾਂ ਦੀ ਸੁਰੱਖਿਆ ’ਚ ਲਾਈ ਗਈ ਸੰਨ੍ਹ ਦਾ ਭਾਰਤ ਨੇ ਬ੍ਰਿਟੇਨ ਕੋਲ ਤਿੱਖਾ ਰੋਸ ਜਤਾਇਆ ਹੈ। ਬ੍ਰਿਟਿਸ਼ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਅੱਜ ਵਿਦੇਸ਼ ਮੰਤਰਾਲੇ ’ਚ ਸੱਦ ਕੇ ਜੈਸ਼ੰਕਰ ਨਾਲ ਵਾਪਰੀ ਘਟਨਾ ਦਾ ਰੋਸ ਦਰਜ ਕਰਵਾਇਆ ਗਿਆ। ਭਾਰਤ ਨੇ ਘਟਨਾ ਦੀ ਨਿਖੇਧੀ ਕਰਦਿਆਂ ਬ੍ਰਿਟਿਸ਼ ਸਰਕਾਰ ’ਤੇ ਦਬਾਅ ਬਣਾਇਆ ਕਿ ਉਹ ਅਜਿਹੇ ਮਾਮਲੇ ’ਚ ਕੂਟਨੀਤਕ ਵਚਨਬੱਧਤਾ ਦਾ ਪਾਲਣ ਕਰੇਗੀ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰੇਗੀ। ਵਿਦੇਸ਼ ਮੰਤਰਾਲੇ ਨੇ ਵੱਖਵਾਦੀ ਅਨਸਰਾਂ ਦੇ ਛੋਟੇ ਗਰੁੱਪ ਵੱਲੋਂ ਜਮਹੂਰੀ ਆਜ਼ਾਦੀ ਦੀ ਦੁਰਵਰਤੋਂ ਦੀ ਵੀ ਨਿਖੇਧੀ ਕੀਤੀ ਹੈ। ਇਹ ਘਟਨਾ ਬੁੱਧਵਾਰ ਸ਼ਾਮ ਉਦੋਂ ਵਾਪਰੀ ਸੀ ਜਦੋਂ ਜੈਸ਼ੰਕਰ ਚੈਟਮ ਹਾਊਸ ’ਚ ਇਕ ਪ੍ਰੋਗਰਾਮ ਦੀ ਸਮਾਪਤੀ ਮਗਰੋਂ ਉਥੋਂ ਰਵਾਨਾ ਹੋ ਰਹੇ ਸਨ।