ਪਟਿਆਲਾ: ਆਟਮ ਆਰਟ ਵੱਲੋਂ ਅੱਜ ਇੱਥੇ ਪ੍ਰਭਾਤ ਪਰਵਾਨਾ ਹਾਲ ਵਿੱਚ ‘ ਇਸ਼ਤਿਆਕ ਅਹਿਮਦ ਨਾਲ਼ ਗੱਲਬਾਤ ‘ ਦੇ ਸਿਰਲੇਖ ਹੇਠ ਕਰਵਾਏ ਪ੍ਰੋਗਰਾਮ ਵਿੱਚ ਪ੍ਰਸਿੱਧ ਇਤਿਹਾਸਕਾਰ ਅਤੇ ਸਟਾਕਹੋਮ ਯੂਨੀਵਰਸਿਟੀ ਵਿੱਚ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਰਹੇ ਇਸ਼ਤਿਆਕ ਅਹਿਮਦ ਨੇ ਦੋ ਕੌਮੀ ਸਿਧਾਂਤ ਅਤੇ ਪੰਜਾਬ ਦੀ ਵੰਡ ਬਾਰੇ ਕਈ ਅਣਜਾਣੇ ਤੱਥਾਂ ਤੋਂ ਸਰੋਤਿਆਂ ਨੂੰ ਜਾਣੂੰ ਕਰਵਾਇਆ। ਇਸ ਸਮਾਗਮ ਦੀ ਪ੍ਰਧਾਨਗੀ ਸਾਬਕਾ ਸੰਸਦ ਮੈਂਬਰ ਡਾ ਧਰਮਵੀਰ ਗਾਂਧੀ, ਰੰਗ ਕਰਮੀ ਬਲਰਾਮ ਭਾਅ ਜੀ, ਚਰਨ ਗਿੱਲ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਬਾਵਾ ਸਿੰਘ ਨੇ ਕੀਤੀ । ਪ੍ਰੋਫੈਸਰ ਇਸ਼ਤਿਆਕ ਨੇ ਕਿਹਾ ਮੈਂ ਆਪਣੀ ਪੁਸਤਕ ‘ ਲਹੂ ਲੁਹਾਨ, ਵੰਡਿਆ, ਵਢਿਆ ਟੁੱਕਿਆ ਪੰਜਾਬ -1947’ ਨੂੰ ਲਿਖਣ ਲਈ 11 ਸਾਲ਼ ਲਾਏ ਅਤੇ ਇਸ ਨੂੰ ਲਿਖਣ ਦੀ ਚਿਣਗ ਬਚਪਨ ਵਿੱਚ ਵੰਡ ਨਾਲ਼ ਸਬੰਧਿਤ ਵੇਖੀਆਂ ਸੁਣੀਆਂ ਘਟਨਾਵਾਂ ਤੋਂ ਲੱਗੀ ਕਿਉਂਕਿ ਉਨ੍ਹਾਂ ਦਾ ਜਨਮ 1947 ਵਿੱਚ ਹੀ ਲਾਹੌਰ ਵਿੱਚ ਹੋਇਆ ਤੇ ਇਸੇ ਸ਼ਹਿਰ ਵਿੱਚ ਹੀ ਉਹਨਾਂ ਤਾਲੀਮ ਲਈ ਤੇ ਕਾਲਜ ਵਿੱਚ ਪੜਾਇਆ । ਉਨ੍ਹਾਂ ਤੱਥਾਂ ਦੀ ਗਵਾਹੀ ਹੇਠ ਕੈਬਨਿਟ ਮਿਸ਼ਨ ਦੇ ਫੇਲ ਹੋਣ ਦਾ ਕਾਰਨ ਬਿਆਨ ਕੀਤਾ ਅਤੇ ਦੱਸਿਆ ਕਿ ਭਾਰਤ ਦੀ ਵੰਡ ਤਿੰਨ ਧਿਰਾਂ ਕਾਂਗਰਸ, ਮੁਸਲਿਮ ਲੀਗ ਅਤੇ ਬ੍ਰਿਟਿਸ਼ ਹਕੂਮਤ ‘ ਤੇ ਨਿਰਭਰ ਕਰਦੀ ਸੀ ਅਤੇ ਇਸ ਵਿੱਚ ਨਿਰਣਾਯਕ ਦੀ ਭੂਮਿਕਾ ਬ੍ਰਿਟਿਸ਼ ਹਕੂਮਤ ਦੀ ਹੀ ਸੀ ।
ਇਸ ਮੌਕੇ ਸੰਬੋਧਨ ਕਰਦੇ ਹੋਏ ਡਾ ਧਰਮਵੀਰ ਗਾਂਧੀ ਨੇ ਦੋ ਕੌਮੀ ਸਿਧਾਂਤ ਨੂੰ ਰੱਦ ਕਰਦਿਆਂ ਕਿਹਾ ਕਿ ਧਰਮ ਕੌਮ ਦਾ ਆਧਾਰ ਨਹੀਂ ਹੋ ਸਕਦਾ ਅਤੇ ਸੀਪੀਆਈ ਵੱਲੋਂ ਪਾਕਿਸਤਾਨ ਦੇ ਬਣਨ ਦੀ ਹਿਮਾਇਤ ਕਰਨਾ ਇੱਕ ਇਤਿਹਾਸਕ ਭੁੱਲ ਸੀ।ਆਟਮ ਆਰਟ ਵੱਲੋਂ ਪ੍ਰੀਤੀ ਸ਼ੈਲੀ ਨੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ ਕੁਲਦੀਪ ਸਿੰਘ, ਕਿਸਾਨ ਆਗੂ ਗੁਰਮੀਤ ਦਿੱਤੁਪੁਰ, ਅਮਨ ਅਰੋੜਾ, ਐਡਵੋਕੇਟ ਹਰਬੰਸ ਸਿੰਘ, ਕਰਮ ਬਰਸਟ, ਅਵਤਾਰ ਸਿੰਘ, ਤਰਸੇਮ ਲਾਲ, ਐਡਵੋਕੇਟ ਰਾਜੀਵ ਲੋਹਟਬੱਦੀ, ਪ੍ਰੋਫੈਸਰ ਹਰਵਿੰਦਰ ਭੱਟੀ, ਬਲਵਿੰਦਰ ਚਹਿਲ , ਡਾ ਕ੍ਰਿਸ਼ਨ ਚੰਦ ਕੌਮੀ, ਮਾਸਟਰ ਸੁੱਚਾ ਸਿੰਘ ਅਤੇ ਹੋਰ ਪਤਵੰਤੇ ਲੋਕ ਹਾਜਰ ਸਨ।