April 18, 2025
ਚੰਡੀਗੜ੍ਹਪੰਜਾਬ

ਅਰਵਿੰਦ ਕੇਜਰੀਵਾਲ ਅਤੇ CM ਭਗਵੰਤ ਮਾਨ ਕਰਨਗੇ ਪੰਜਾਬ ਵਿੱਚ ‘ਸੀਐਮ ਦੀ ਯੋਗਸ਼ਾਲਾ’ ਦੀ ਸ਼ੁਰੂਆਤ

ਅਰਵਿੰਦ ਕੇਜਰੀਵਾਲ ਅਤੇ CM ਭਗਵੰਤ ਮਾਨ ਕਰਨਗੇ ਪੰਜਾਬ ਵਿੱਚ 'ਸੀਐਮ ਦੀ ਯੋਗਸ਼ਾਲਾ' ਦੀ ਸ਼ੁਰੂਆਤ
ਆਮ ਆਦਮੀ ਕਲੀਨਿਕਾਂ ਤੋਂ ਬਾਅਦ ‘ਸੀਐਮ ਦੀ ਯੋਗਸ਼ਾਲਾ’ ਨਾਲ ਸਿਹਤ ਕ੍ਰਾਂਤੀ ਨੂੰ ਇੱਕ ਕਦਮ ਹੋਰ ਅੱਗੇ ਲੈ ਕੇ ਰਹੀ ਹੈ ਮਾਨ ਸਰਕਾਰ: ਸਿਹਤ ਮੰਤਰੀ ਡਾ ਬਲਬੀਰ ਸਿੰਘ

Arvind Kejriwal and CM Bhagwant Mann to Launch CM di Yogshala' in Punjab

ਚੰਡੀਗੜ੍ਹ/ਪਟਿਆਲਾ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਬਣਾਉਣ ਲਈ ਖ਼ਾਸ ਉੱਦਮ ਕਰਦਿਆਂ ‘ਸੀਐਮ ਦੀ ਯੋਗਸ਼ਾਲਾ’ ਮੁਹਿੰਮ ਸ਼ੁਰੂ ਕਰ ਰਹੀ ਹੈ। ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ, ਫ਼ਗਵਾੜਾ, ਲੁਧਿਆਣਾ ਅਤੇ ਪਟਿਆਲਾ ਵਿੱਚ ਸ਼ੁਰੂ ਹੋਣ ਜਾ ਰਹੇ ਪਾਇਲਟ ਪ੍ਰੋਜੈਕਟ ‘ਸੀਐਮ ਦੀ ਯੋਗਸ਼ਾਲਾ’ ਦੀ ਸ਼ੁਰੂਆਤ ਕਰਨਗੇ।

ਇਸ ਸੰਬੰਧੀ ਪਟਿਆਲਾ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਹੈਲਪਲਾਈਨ ਨੰਬਰ 7669400500 ਵੀ ਸ਼ੁਰੂ ਕੀਤਾ ਹੈ, ਜਿਸ ਉੱਤੇ ਮਿਸ ਕਾਲ ਕਰਨ ਤੋਂ ਬਾਅਦ ਪੰਜਾਬ ਸਰਕਾਰ ਸੰਬੰਧਿਤ ਵਿਅਕਤੀ ਨੂੰ ਖ਼ੁਦ ਇੱਕ ਮੁਫਤ ਯੋਗ ਅਧਿਆਪਕ ਮੁਹੱਈਆ ਕਰਵਾਏਗੀ। ਨਾਲ ਹੀ ਲੋਕ ਡਾਈਟ ਅਤੇ ਯੋਗਾ ਕਸਰਤ ਬਾਰੇ ਵੀ ਹਰ ਤਰ੍ਹਾਂ ਦੀ ਜਾਣਕਾਰੀ ਹਾਸਿਲ ਕਰ ਸਕਣਗੇ।

ਡਾ: ਬਲਬੀਰ ਨੇ ਕਿਹਾ ਕਿ ਅੱਜ ਬਹੁਤ ਸਾਰੇ ਲੋਕ ਸਾਹ ਪ੍ਰਣਾਲੀ, ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਦਿਲ ਦੀਆਂ ਸਮੱਸਿਆਵਾਂ ਤੋਂ ਪੀੜ੍ਹਤ ਹਨ। ਉਪਚਾਰਕ ਯੋਗ ਇਨ੍ਹਾਂ ਸਾਰੇ ਮਰੀਜ਼ਾਂ ਦੀ ਬਹੁਤ ਮਦਦ ਕਰ ਸਕਦਾ ਹੈ ਅਤੇ ਇਸ ਸੰਬੰਧੀ ਗੁਰੂ ਰਵਿਦਾਸ ਯੂਨੀਵਰਸਿਟੀ ਵਿਚ 60 ਵਿਦਿਆਰਥੀਆਂ ਨੂੰ ‘ਸੀਐਮ ਦੀ ਯੋਗਸ਼ਾਲਾ’ ਵਿਚ ਇਲਾਜ ਯੋਗਾ ਸਿਖਾਉਣ ਲਈ ਸਿਖਲਾਈ ਦਿੱਤੀ ਗਈ ਹੈ।

ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ‘ਸੀਐਮ ਦੀ ਯੋਗਸ਼ਾਲਾ’ ਨਾਲ ਲੋਕ ਸਿਹਤਮੰਦ ਜੀਵਨ ਬਤੀਤ ਕਰਨਗੇ, ਉੱਥੇ ਉਨ੍ਹਾਂ ਨੂੰ ਯੋਗ ਸਿਖਲਾਈ ਲਈ ਅਧਿਆਪਕ ਅਤੇ ਸਹੀ ਮਾਰਗਦਰਸ਼ਨ ਵੀ ਆਸਾਨੀ ਨਾਲ ਮਿਲ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ, “ਸਿਹਤ ਕ੍ਰਾਂਤੀ ਦੀ ਸ਼ੁਰੂਆਤ ਵਜੋਂ ਅਸੀਂ ਪੰਜਾਬ ਵਿੱਚ 500 ਆਮ ਆਦਮੀ ਕਲੀਨਿਕ ਖੋਲ੍ਹੇ ਹਨ ਅਤੇ ਹੁਣ ‘ਸੀਐਮ ਦੀ ਯੋਗਸ਼ਾਲਾ’ ਦੇ ਨਾਲ ਮਾਨ ਸਰਕਾਰ ਪੰਜਾਬੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਬਣਾਉਣ ਲਈ ਸ਼ੁਰੂ ਕੀਤੀ ਸਿਹਤ ਕ੍ਰਾਂਤੀ ਨੂੰ ਇੱਕ ਕਦਮ ਹੋਰ ਅੱਗੇ ਵਧਾ ਰਹੀ ਹੈ।”

ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਦੇ ਨੇੜੇ ਇੱਕ ਯੋਗਾ ਮੈਡੀਟੇਸ਼ਨ ਸੈਂਟਰ ਵੀ ਹੋਵੇਗਾ ਕਿਉਂਕਿ ਇੱਕ ਸਿਹਤਮੰਦ ਜੀਵਨਜਾਚ ਅਤੇ ਨਿਯਮਤ ਯੋਗ ਅਭਿਆਸ ਬਹੁਤ ਸਾਰੀਆਂ ਬਿਮਾਰੀਆਂ ਦੇ ਜ਼ੋਖ਼ਮਾਂ ਨੂੰ ਬਹੁਤ ਹੱਦ ਤੱਕ ਘੱਟ ਕਰਦਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਪਹਿਲਾਂ ਹੀ 2500 ਸਿਹਤ ਕੇਂਦਰ ਅਤੇ 16 ਆਯੁਰਵੈਦਿਕ ਕਾਲਜ ਹਨ।

ਉਨ੍ਹਾਂ ਕਿਹਾ ਕਿ ਐਲੋਪੈਥੀ ਪੱਛਮੀ ਸੰਕਲਪ ਹੈ ਅਤੇ ਸੰਕਟਕਾਲੀਨ ਸਥਿਤੀਆਂ ਵਿੱਚ ਇਹ ਮਹੱਤਵਪੂਰਨ ਵੀ ਹੈ ਪਰ ਆਯੁਰਵੇਦ ਅਤੇ ਯੋਗ ਸਾਡਾ ਆਪਣਾ ਪ੍ਰਾਚੀਨ ਵਿਗਿਆਨ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਿਹਤਮੰਦ ਜੀਵਨ ਸ਼ੈਲੀ ਲਈ ਇਸ ਦਾ ਅਭਿਆਸ ਕਰੀਏ। ਉਨ੍ਹਾਂ ਕਿਹਾ ਕਿ ‘ਸੀਐਮ ਦੀ ਯੋਗਸ਼ਾਲਾ’ ਲੋਕਾਂ ਨੂੰ ਗ਼ੈਰ-ਸਿਹਤਮੰਦ ਰੁਟੀਨ ਅਤੇ ਤਣਾਅ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਸ. ਭਗਵੰਤ ਮਾਨ ਦੀ ਇੱਕ ਅਨੋਖੀ ਪਹਿਲ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿਉਂਕਿ ਤੰਦਰੁਸਤ ਪੰਜਾਬ ਨਾਲ ਹੀ ਅਗਾਂਹਵਧੂ ਪੰਜਾਬ ਬਣ ਸਕਦਾ ਹੈ। ਉਨ੍ਹਾਂ ਸਮੂਹ ਵਿਧਾਇਕਾਂ ਅਤੇ ਅਧਿਕਾਰੀਆਂ ਨੂੰ ਪੰਜਾਬ ਨੂੰ ਤੰਦਰੁਸਤ ਬਣਾਉਣ ਦੇ ਇਸ ਉਪਰਾਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।

Related posts

ਪੰਜਾਬ ਪੁਲਿਸ ਵੱਲੋਂ ਬਿਹਾਰ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਨਾਲ ਸਾਂਝੀ ਕਾਰਵਾਈ ਤਹਿਤ ਮੋਗਾ ਜਵੈਲਰ ਕਤਲ ਕਾਂਡ ਵਿੱਚ ਸ਼ਾਮਿਲ ਚਾਰ ਦੋਸ਼ੀ ਗਿ੍ਫਤਾਰ

Current Updates

ਕੇਜਰੀਵਾਲ ਅਤੇ ਭਗਵੰਤ ਮਾਨ ਵਲੋਂ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨਾਲ ਮੁਲਾਕਾਤ

Current Updates

ਪੰਜਾਬ ਵਿੱਚ ਲਗਾਏ ਜਾਣਗੇ 20 ਹਜ਼ਾਰ ਖੇਤੀ ਸੋਲਰ ਪੰਪ; ਪੰਜ ਹਜ਼ਾਰ ਪੰਪ ਅਨੁਸੂਚਿਤ ਜਾਤੀ ਦੇ ਕਿਸਾਨਾਂ ਤੇ ਪੰਚਾਇਤਾਂ ਲਈ ਰਾਖਵੇਂ ਕੀਤੇ

Current Updates

Leave a Comment