April 18, 2025
ਸਾਹਿਤ

ਅੱਜ ਦੀ ਕਵਿਤਾ: ਅੱਜ ਆਖਾਂ ਵਾਰਿਸ ਸ਼ਾਹ

ਅੱਜ ਦੀ ਕਵਿਤਾ: ਅੱਜ ਆਖਾਂ ਵਾਰਿਸ ਸ਼ਾਹ

ਅੱਜ ਦੀ ਕਵਿਤਾ: ਅੱਜ ਆਖਾਂ ਵਾਰਿਸ ਸ਼ਾਹ

ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ !

ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !

ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ

ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ

ਉਠ ਦਰਦਮੰਦਾਂ ਦਿਆ ਦਰਦਦੀਆ ! ਉਠ ਤੱਕ ਅਪਣਾ ਪੰਜਾਬ

ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ

ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ

ਤੇ ਉਹਨਾ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ

ਇਸ ਜ਼ਰਖੇਜ਼ ਜ਼ਮੀਨ ਦੇ ਲੂੰ ਲੂੰ ਫੁਟਿਆ ਜ਼ਹਿਰ

ਗਿਠ ਗਿਠ ਚੜ੍ਹੀਆਂ ਲਾਲੀਆਂ ਫੁੱਟ ਫੁੱਟ ਚੜ੍ਹਿਆ ਕਹਿਰ

ਵਿਹੁ ਵਲਿੱਸੀ ਵਾ ਫਿਰ ਵਣ ਵਣ ਵੱਗੀ ਜਾ

ਉਹਨੇ ਹਰ ਇਕ ਵਾਂਸ ਦੀ ਵੰਝਲੀ ਦਿੱਤੀ ਨਾਗ ਬਣਾ

ਪਹਿਲਾ ਡੰਗ ਮਦਾਰੀਆਂ ਮੰਤ੍ਰ ਗਏ ਗੁਆਚ

ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ

ਲਾਗਾਂ ਕੀਲੇ ਲੋਕ ਮੁੰਹ ਬੱਸ ਫਿਰ ਡੰਗ ਹੀ ਡੰਗ

ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ…

ਗਲਿਓਂ ਟੁੱਟੇ ਗੀਤ ਫਿਰ ਤ੍ਰਕਲਿਓਂ ਟੁੱਟੀ ਤੰਦ

ਤ੍ਰਿੰਜਣੋ ਟੁੱਟੀਆਂ ਸਹੇਲੀਆਂ ਚਰੱਖੜੇ ਘੂਕਰ ਬੰਦ

ਸਣੇ ਸੇਜ਼ ੜੇ ਬੇੜੀਆਂ ਲੁੱਡਣ ਦਿੱਤੀਆਂ ਰੋੜ੍ਹ

ਸਣੇ ਡਾਲੀਆਂ ਪੀਂਘ ਅੱਜ ਪਿੱਪਲਾਂ ਦਿੱਤੀ ਤੋੜ੍ਹ

ਜਿਥੇ ਵਜਦੀ ਸੀ ਫੂਕ ਪਿਆਰ ਦੀ ਵੇ ਉਹ ਵੰਝਲੀ ਗਈ ਗੁਆਚ

ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਸਦੀ ਜਾਚ…

ਧਰਤੀ ਤੇ ਲਹੂ ਵੱਸਿਆ ਕਬਰਾਂ ਪਈਆਂ ਚੋਣ

ਪ੍ਰੀਤ ਦੀਆਂ ਸ਼ਾਹਜਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ…

ਅੱਜ ਸੱਭੇ ਕੈਦੋਂ ਬਣ ਗਏ, ਹੁਸਨ ਇਸ਼ਕ ਦੇ ਚੋਰ

ਅੱਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇਕ ਹੋਰ…

ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ !

ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !

-ਅੰਮ੍ਰਿਤਾ ਪ੍ਰੀਤਮ

Related posts

ਬਾਬਾ ਸਿੱਦੀਕੀ ਕਤਲ ਮਾਮਲੇ ‘ਚ ਕ੍ਰਾਈਮ ਬ੍ਰਾਂਚ ਨੇ ਇਕ ਹੋਰ ਦੋਸ਼ੀ ਕੀਤਾ ਗ੍ਰਿਫਤਾਰ, ਹੁਣ ਤੱਕ 16 ਗ੍ਰਿਫ਼ਤਾਰ

Current Updates

ਕਿੱਸਾ ਸੱਸੀ ਪੁੰਨੂੰ (ਹਾਸ਼ਮ ਸ਼ਾਹ)

Current Updates

ਹੀਰ ਰੂਪ ਦੀ ਤਾਰੀਫ਼ (ਵਾਰਸ ਸ਼ਾਹ)

Current Updates

Leave a Comment