ਕੇਹੀ ਹੀਰ ਦੀ ਕਰੇ ਤਾਰੀਫ ਸ਼ਾਇਰ, ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ ।
ਖ਼ੂਨੀ ਚੂੰਡੀਆਂ ਰਾਤ ਜਿਉ ਚੰਨ ਗਿਰਦੇ, ਸੁਰਖ ਰੰਗ ਜਿਉਂ ਰੰਗ ਸ਼ਹਾਬ ਦਾ ਜੀ ।
ਨੈਣ ਨਰਗਸੀ ਮਿਰਗ ਮਮੋਲੜੇ ਦੇ, ਗੱਲ੍ਹਾਂ ਟਹਿਕੀਆਂ ਫੁੱਲ ਗੁਲਾਬ ਦਾ ਜੀ ।
ਭਵਾਂ ਵਾਂਙ ਕਮਾਨ ਲਾਹੌਰ ਦੇ ਸਨ, ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ ।
ਸੁਰਮਾ ਨੈਣਾਂ ਦੀ ਧਾਰ ਵਿੱਚ ਫਬ ਰਹਿਆ, ਚੜ੍ਹਿਆ ਹਿੰਦ ਤੇ ਕਟਕ ਪੰਜਾਬ ਦਾ ਜੀ ।
ਖੁੱਲ੍ਹੀ ਤ੍ਰਿੰਞਣਾਂ ਵਿੱਚ ਲਟਕਦੀ ਹੈ, ਹਾਥੀ ਮਸਤ ਜਿਉਂ ਫਿਰੇ ਨਵਾਬ ਦਾ ਜੀ ।
ਚਿਹਰੇ ਸੁਹਣੇ ਤੇ ਖ਼ਤ ਖ਼ਾਲ ਬਣਦੇ, ਖ਼ੁਸ਼ ਖ਼ਤ ਜਿਉਂ ਹਰਫ ਕਿਤਾਬ ਦਾ ਜੀ ।
ਜਿਹੜੇ ਵੇਖਣੇ ਦੇ ਰੀਝਵਾਨ ਆਹੇ, ਵੱਡਾ ਫ਼ਾਇਦਾ ਤਿਨ੍ਹਾਂ ਦੇ ਬਾਬ ਦਾ ਜੀ ।
ਚਲੋ ਲੈਲਾਤੁਲਕਦਰ ਦੀ ਕਰੋ ਜ਼ਿਆਰਤ, ਵਾਰਿਸ ਸ਼ਾਹ ਇਹ ਕੰਮ ਸਵਾਬ ਦਾ ਜੀ ।
ਹੋਠ ਸੁਰਖ਼ ਯਾਕੂਤ ਜਿਉਂ ਲਾਲ ਚਮਕਣ, ਠੋਡੀ ਸੇਉ ਵਿਲਾਇਤੀ ਸਾਰ ਵਿੱਚੋਂ ।
ਨੱਕ ਅਲਿਫ਼ ਹੁਸੈਨੀ ਦਾ ਪਿਪਲਾ ਸੀ, ਜ਼ੁਲਫ਼ ਨਾਗ਼ ਖ਼ਜ਼ਾਨੇ ਦੀ ਬਾਰ ਵਿੱਚੋਂ ।
ਦੰਦ ਚੰਬੇ ਦੀ ਲੜੀ ਕਿ ਹੰਸ ਮੋਤੀ, ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ ।
ਲਿਖੀ ਚੀਨ ਕਸ਼ਮੀਰ ਤਸਵੀਰ ਜੱਟੀ, ਕਦ ਸਰੂ ਬਹਿਸ਼ਤ ਗੁਲਜ਼ਾਰ ਵਿੱਚੋਂ ।
ਗਰਦਣ ਕੂੰਜ ਦੀ ਉਂਗਲੀਆਂ ਰਵ੍ਹਾਂ ਫਲੀਆਂ, ਹੱਥ ਕੂਲੜੇ ਬਰਗ ਚਨਾਰ ਵਿੱਚੋਂ ।
ਬਾਹਾਂ ਵੇਲਣੇ ਵੇਲੀਆਂ ਗੁੰਨ੍ਹ ਮੱਖਣ, ਛਾਤੀ ਸੰਗ ਮਰ ਮਰ ਗੰਗ ਧਾਰ ਵਿੱਚੋਂ ।
ਛਾਤੀ ਠਾਠ ਦੀ ਉਭਰੀ ਪਟ ਖੇਨੂੰ, ਸਿਉ ਬਲਖ਼ ਦੇ ਚੁਣੇ ਅੰਬਾਰ ਵਿੱਚੋਂ ।
ਧੁੰਨੀ ਬਹਸ਼ਿਤ ਦੇ ਹੌਜ਼ ਦਾ ਮੁਸ਼ਕ ਕੁੱਬਾ, ਪੇਟੂ ਮਖ਼ਮਲੀ ਖ਼ਾਸ ਸਰਕਾਰ ਵਿੱਚੋਂ ।
ਕਾਫ਼ੂਰ ਸ਼ਹਿਨਾਂ ਸਰੀਨ ਬਾਂਕੇ, ਸਾਕ ਹੁਸਨ ਸਤੂਨ ਮੀਨਾਰ ਵਿੱਚੋਂ ।
ਸੁਰਖ਼ੀ ਹੋਠਾਂ ਦੀ ਲੋੜ੍ਹ ਦੰਦਾਸੜੇ ਦਾ, ਖੋਜੇ ਖ਼ਤਰੀ ਕਤਲ ਬਾਜ਼ਾਰ ਵਿੱਚੋਂ ।
ਸ਼ਾਹ ਪਰੀ ਦੀ ਭੈਣ ਪੰਜ ਫੂਲ ਰਾਣੀ, ਗੁਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ ।
ਸੱਈਆਂ ਨਾਲ ਲਟਕਦੀ ਮਾਣ ਮੱਤੀ, ਜਿਵੇਂ ਹਰਨੀਆਂ ਤੁੱਠੀਆਂ ਬਾਰ ਵਿੱਚੋਂ ।
