October 15, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਸੀ ਬੀ ਆਈ ਵੱਲੋਂ ਪੰਜਾਬ ਦੇ ਵਿਭਾਗਾਂ ਦੀਆਂ ਅਹਿਮ ਫਾਈਲਾਂ ਦੀ ਛਾਣਬੀਣ ਸ਼ੁਰੂ

ਸੀ ਬੀ ਆਈ ਵੱਲੋਂ ਪੰਜਾਬ ਦੇ ਵਿਭਾਗਾਂ ਦੀਆਂ ਅਹਿਮ ਫਾਈਲਾਂ ਦੀ ਛਾਣਬੀਣ ਸ਼ੁਰੂ

ਚੰਡੀਗੜ੍ਹ-  ਸੀ ਬੀ ਆਈ ਨੇ ਪੰਜਾਬ ਵਿੱਚ ਬਦਲੀਆਂ ਅਤੇ ਤਾਇਨਾਤੀਆਂ, ਪੱਖਪਾਤੀ ਨੀਤੀਆਂ ਅਤੇ ਟੈਂਡਰ ਅਲਾਟਮੈਂਟ ਨਾਲ ਜੁੜੀਆਂ ਕਥਿਤ ਬੇਨਿਯਮੀਆਂ ਨਾਲ ਸਬੰਧਿਤ 15 ਮਾਮਲਿਆਂ ਦੀਆਂ ਸਰਕਾਰੀ ਫਾਈਲਾਂ ਦੀ ਪੜਤਾਲ ਵਿੱਢ ਦਿੱਤੀ ਹੈ। ਸੀ ਬੀ ਆਈ ਦੀ 29 ਮੈਂਬਰੀ ਟੀਮ ਵੱਲੋਂ ਸਮੁੱਚੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੇ ਵਿਭਾਗਾਂ ਨੇ ਕੇਂਦਰੀ ਏਜੰਸੀ ਨੂੰ ਲੋੜੀਦਾ ਰਿਕਾਰਡ ਮੁਹੱਈਆ ਕਰਾ ਦਿੱਤਾ ਹੈ। ਸੀ ਬੀ ਆਈ ਟੀਮ ਵੱਲੋਂ ਪ੍ਰਾਈਵੇਟ ਵਿਅਕਤੀ ਜਿਨ੍ਹਾਂ ਨੇ ਕਿਸੇ ਨਾ ਕਿਸੇ ਘੁਟਾਲੇ ਨੂੰ ਬੇਪਰਦ ਕੀਤਾ ਸੀ, ਨੂੰ ਵੀ ਜਾਂਚ ’ਚ ਸ਼ਾਮਲ ਕੀਤਾ ਹੈ।

ਚੇਤੇ ਰਹੇ ਕਿ ਸੀ ਬੀ ਆਈ ਨੇ ਮੁੱਖ ਮੰਤਰੀ ਦੇ ਓ ਐੱਸ ਡੀ ਰਾਜਬੀਰ ਸਿੰਘ ਘੁੰਮਣ ਅਤੇ ਪੰਜ ਹੋਰ ਕਰੀਬੀਆਂ ਨਿਤਿਨ ਗੋਹਲ, ਜਿਤਿਨ ਗੋਹਲ, ਰੋਮੀ ਮਹਾਜਨ, ਬੀਰ ਦਵਿੰਦਰ ਅਤੇ ਆਰ.ਐੱਸ. ਨਾਗਰਾ ਖ਼ਿਲਾਫ਼ 5 ਅਕਤੂਬਰ ਨੂੰ ਕੇਸ ਦਰਜ ਕੀਤਾ ਸੀ। ਸੀ.ਬੀ.ਆਈ. ਨੇ ਮੁੱਖ ਮੰਤਰੀ ਦਫ਼ਤਰ ਵਿੱਚ ਰਾਜਬੀਰ ਘੁੰਮਣ ਅਤੇ ਜਿਤਿਨ ਗੋਹਲ ਦੀ ਨਿਯੁਕਤੀ ਨਾਲ ਸਬੰਧਿਤ ਫਾਈਲਾਂ ਵੀ ਮੰਗੀਆਂ ਹਨ। ਲੰਘੇ ਦੋ ਦਿਨਾਂ ਦੌਰਾਨ ਵੱਖ ਵੱਖ ਵਿਭਾਗਾਂ ਨੇ ਸੀ ਬੀ ਆਈ ਨੂੰ ਫਾਈਲਾਂ ਭੇਜ ਦਿੱਤੀਆਂ ਹਨ।

ਸੀ ਬੀ ਆਈ ਵੱਲੋਂ ਤਲਬ ਕੀਤੇ ਰਿਕਾਰਡ ’ਚ ਪੰਜਾਬ ਸਥਾਨਕ ਸਰਕਾਰ ਵਿਭਾਗ ਵਿੱਚ ਸਹਾਇਕ ਟਾਊਨ ਪਲਾਨਰਾਂ (ਗ੍ਰੇਡ-ਏ) ਦੀ 2024 ਵਿੱਚ ਹੋਈ ਭਰਤੀ ਨਾਲ ਸਬੰਧਿਤ, ਜ਼ੀਰਕਪੁਰ ਦੇ ਏਅਰਪੋਰਟ ਰੋਡ ’ਤੇ ਪਿੰਡ ਛੱਟ ਵਿਖੇ ‘ਮਾਲਵਾ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ’ ਵੱਲੋਂ ਵਿਕਸਤ ਕੀਤੇ ਜਾ ਰਹੇ ’ਐਸਕੋਨ ਪ੍ਰਾਈਮੇਰਾ’ ਗਰੁੱਪ ਹਾਊਸਿੰਗ ਪ੍ਰੋਜੈਕਟ ਨਾਲ ਜੁੜੀਆਂ ਫਾਈਲਾਂ ਅਤੇ ਰਾਜਬੀਰ ਘੁੰਮਣ ਦੀ ‘ਅਫ਼ਸਰ ਆਨ ਸਪੈਸ਼ਲ ਡਿਊਟੀ’ ਵਜੋਂ ਨਿਯੁਕਤੀ ਤੋਂ ਇਲਾਵਾ ਜਿਤਿਨ ਗੋਹਲ ਦੀ ਮੁੱਖ ਮੰਤਰੀ ਦਫ਼ਤਰ ’ਚ ਤਾਇਨਾਤੀ ਨਾਲ ਸਬੰਧਿਤ ਰਿਕਾਰਡ ਸ਼ਾਮਲ ਹੈ।

ਸੀ ਬੀ ਆਈ ਨੇ ਸਾਲ 2024 ਦੌਰਾਨ ਸਰਹਿੰਦ ਦੇ ‘ਮਾਈਂਡ ਕੇਅਰ ਹਸਪਤਾਲ’ ਦੇ ਲਾਇਸੰਸਾਂ ਦੇ ਨਵੀਨੀਕਰਨ; 2024-25 ਵਿੱਚ ‘ਵੇਰਕਾ’ ਵੱਲੋਂ ਕੀਤੀ ਖ਼ਰੀਦ; ਅਤੇ ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੁਆਰਾ 2024 ਲਈ ਅਨਾਜ ਦੀ ਢੋਆ-ਢੁਆਈ ਅਤੇ ਮਜ਼ਦੂਰੀ ਸਬੰਧੀ ਬਣਾਈਆਂ ਗਈਆਂ ਨੀਤੀਆਂ ਨਾਲ ਸਬੰਧਿਤ ਰਿਕਾਰਡ ਮੰਗਿਆ ਹੈ। ਅਸਲਾ ਲਾਇਸੈਂਸਾਂ ਨਾਲ ਜੁੜਿਆ ਰਿਕਾਰਡ ਵੀ ਤਲਬ ਕੀਤਾ ਗਿਆ ਹੈ।

Related posts

2013 ਜਬਰ-ਜਨਾਹ ਮਾਮਲਾ: 10 ਸਾਲ ਦੀ ਕੈਦ ਖ਼ਿਲਾਫ਼ ਸਾਬਕਾ ਪੱਤਰਕਾਰ ਤਰੁਣ ਤੇਜਪਾਲ ਪਹੁੰਚੇ ਸੁਪਰੀਮ ਕੋਰਟ

Current Updates

ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ: SIT ਵੱਲੋਂ ਸੁਖਬੀਰ ਸਿੰਘ ਬਾਦਲ ਤਲਬ, ਸੋਮਵਾਰ ਨੂੰ ਪੇਸ਼ ਹੋਣ ਦੇ ਹੁਕਮ

Current Updates

2015 ਫਰੀਦਕੋਟ ਗੋਲੀਕਾਂਡ ਦੇ ਮੁਲਜ਼ਮ ਸਾਬਕਾ IPS ਅਮਰ ਸਿੰਘ ਚਾਹਲ ਵੱਲੋਂ ‘ਖੁਦਕੁਸ਼ੀ’ ਦੀ ਕੋਸ਼ਿਸ਼, ਹਾਲਤ ਨਾਜ਼ੁਕ

Current Updates

Leave a Comment