ਚੰਡੀਗੜ੍ਹ- ਸੂਬੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਕਾਰਨ ਆਮ ਜਨ-ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸਭ ਤੋਂ ਵੱਡੀ ਪਰੇਸ਼ਾਨੀ ਸਕੂਲੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਝੱਲਣੀ ਪਈ। ਕਈ ਇਲਾਕਿਆਂ ਵਿੱਚ ਸਕੂਲ ਪ੍ਰਬੰਧਕਾਂ ਵੱਲੋਂ ਸਮੇਂ ਤੋਂ ਪਹਿਲਾਂ ਛੁੱਟੀ ਕਰ ਦਿੱਤੇ ਜਾਣ ਤੋਂ ਬਾਅਦ, ਵਿਦਿਆਰਥੀਆਂ ਨੂੰ ਘਰ ਛੱਡਣ ਜਾ ਰਹੀਆਂ ਬੱਸਾਂ ਅਤੇ ਪ੍ਰਾਈਵੇਟ ਵਾਹਨਾਂ ਨੂੰ ਧਰਨਾਕਾਰੀਆਂ ਵੱਲੋਂ ਮੁੱਖ ਮਾਰਗਾਂ ‘ਤੇ ਰੋਕ ਲਿਆ ਗਿਆ।
ਮਾਰਗਾਂ ‘ਤੇ ਬੱਸਾਂ ਦੇ ਜਾਮ ਵਿੱਚ ਫਸਣ ਕਾਰਨ ਮਾਸੂਮ ਬੱਚੇ ਘੰਟਿਆਂ ਬੱਧੀ ਸੜਕਾਂ ‘ਤੇ ਖੱਜਲ-ਖੁਆਰ ਹੁੰਦੇ ਰਹੇ। ਕਈ ਥਾਵਾਂ ‘ਤੇ ਹਾਈਵੇਅ ਅਤੇ ਲਿੰਕ ਸੜਕਾਂ ਮੁਕੰਮਲ ਤੌਰ ‘ਤੇ ਜਾਮ ਹੋਣ ਕਰਕੇ ਬੱਸਾਂ ਅੱਗੇ ਨਹੀਂ ਲੰਘ ਸਕੀਆਂ। ਇਸ ਸਥਿਤੀ ਬਾਰੇ ਜਾਣਕਾਰੀ ਮਿਲਦੇ ਹੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਮਾਪੇ ਖੁਦ ਵਾਹਨ ਲੈ ਕੇ ਰਸਤਿਆਂ ਵੱਲ ਦੌੜੇ, ਪਰ ਥਾਂ-ਥਾਂ ਲੱਗੇ ਧਰਨਿਆਂ ਅਤੇ ਜਾਮ ਕਾਰਨ ਉਨ੍ਹਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਥਾਨਕ ਲੋਕਾਂ ਅਤੇ ਮਾਪਿਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਬੰਦ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਘੱਟੋ-ਘੱਟ ਸਕੂਲੀ ਵਾਹਨਾਂ ਅਤੇ ਐਂਬੂਲੈਂਸਾਂ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਲੰਘਣ ਦੀ ਛੋਟ ਮਿਲਣੀ ਚਾਹੀਦੀ ਹੈ। ਪ੍ਰਸ਼ਾਸਨ ਵੱਲੋਂ ਹਾਲਾਤ ‘ਤੇ ਕਾਬੂ ਪਾਉਣ ਅਤੇ ਮੁੱਖ ਰਸਤਿਆਂ ਤੋਂ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ।
