ਕਰਾਚੀ- ਪਾਕਿਸਤਾਨ ਦੇ ਯੋਜਨਾ ਮੰਤਰੀ ਅਹਿਸਾਨ ਇਕਬਾਲ ਨੇ ਬੁੱਧਵਾਰ ਨੂੰ ਭਾਰਤ ਵਿੱਚ ਨੈੱਟਫਲਿਕਸ ਦੀ ਪਹਿਲੀ ਪਾਕਿਸਤਾਨੀ ਸੀਰੀਜ਼ ‘ਜੋ ਬਚੇ ਹੈਂ ਸੰਗ ਸਮੇਟ ਲੋ’ ‘ਤੇ ਪਾਬੰਦੀ ਲਾਉਣ ਦੀ ਮੰਗ ਦਾ ਵਿਰੋਧ ਕੀਤਾ ਹੈ। ਉਨ੍ਹਾਂ ਇਸ ਨੂੰ ਕਲਾ ਅਤੇ ਸੱਭਿਆਚਾਰ ਨੂੰ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰਾਰ ਦਿੱਤਾ।
ਭਾਰਤ ਵਿੱਚ ਦੋ ਫ਼ਿਲਮ ਸੰਗਠਨਾਂ— ‘ਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ’ (AICWA) ਅਤੇ ‘ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼’ (FWICE) ਨੇ ਇਸ ਸੀਰੀਜ਼ ਦਾ ਟ੍ਰੇਲਰ ਜਾਰੀ ਹੋਣ ਤੋਂ ਬਾਅਦ ਇਸ ਵਿੱਚ ਅਦਾਕਾਰੀ ਕਰ ਰਹੇ ਫਵਾਦ ਖ਼ਾਨ, ਸਨਮ ਸਈਦ ਅਤੇ ਮਾਹਿਰਾ ਖ਼ਾਨ ਨੂੰ ਲੈ ਕੇ ਇਤਰਾਜ਼ ਜਤਾਇਆ ਹੈ। ਇਨ੍ਹਾਂ ਦੋਵਾਂ ਸੰਗਠਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਸ ਸੀਰੀਜ਼ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਹਾਲਾਂਕਿ, ਅਜੇ ਇਹ ਸਪਸ਼ਟ ਨਹੀਂ ਹੈ ਕਿ ਚਾਰ ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਇਹ ਸੀਰੀਜ਼ ਭਾਰਤ ਵਿੱਚ ਵੀ ਪ੍ਰਸਾਰਿਤ ਹੋਵੇਗੀ ਜਾਂ ਸਿਰਫ਼ ਪਾਕਿਸਤਾਨ ਅਤੇ ਹੋਰ ਦੇਸ਼ਾਂ ਵਿੱਚ ਹੀ ਉਪਲਬਧ ਹੋਵੇਗੀ।
ਇਕਬਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਇੱਕ ਪੋਸਟ ਰਾਹੀਂ ਸਵਾਲ ਉਠਾਇਆ ਕਿ ਕ੍ਰਿਕਟ ਮੈਚ ਨੂੰ ਸਿਆਸੀ ਖ਼ਤਰਾ ਅਤੇ ਟੈਲੀਵਿਜ਼ਨ ਲੜੀਵਾਰ ਨੂੰ ਕੌਮੀ ਸੁਰੱਖਿਆ ਨਾਲ ਜੁੜਿਆ ਮੁੱਦਾ ਕਿਉਂ ਮੰਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਲਿਖਿਆ, “ਪਹਿਲਾਂ ਖੇਡਾਂ ਨੂੰ, ਫਿਰ ਪਾਣੀ ਨੂੰ ਅਤੇ ਹੁਣ ਕਲਾ ਤੇ ਸੱਭਿਆਚਾਰ ਨੂੰ ਹਥਿਆਰ ਬਣਾਇਆ ਜਾ ਰਿਹਾ ਹੈ। ਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ ਨਵੀਂ ਦਿੱਲੀ ਤੋਂ ਪਾਕਿਸਤਾਨੀ ਸਮੱਗਰੀ ‘ਤੇ ਪੱਕੀ ਪਾਬੰਦੀ ਲਾਉਣ ਦੀ ਮੰਗ ਕਰ ਰਿਹਾ ਹੈ। ਕਿਸੇ ਕ੍ਰਿਕਟ ਮੈਚ ਨੂੰ ਸਿਆਸੀ ਖ਼ਤਰਾ ਅਤੇ ਟੈਲੀਵਿਜ਼ਨ ਲੜੀਵਾਰ ਨੂੰ ਕੌਮੀ ਸੁਰੱਖਿਆ ਲਈ ਚਿੰਤਾ ਦਾ ਵਿਸ਼ਾ ਮੰਨਣ ਪਿੱਛੇ ਇੰਨੀ ਅਸੁਰੱਖਿਆ ਕਿਉਂ?
ਮੰਤਰੀ ਨੇ ਕਿਹਾ, “ਖਿਡਾਰੀਆਂ ਨੂੰ ਖੇਡਣ ਦਿਓ, ਪਾਣੀ ਨੂੰ ਵਹਿਣ ਦਿਓ, ਕਲਾਕਾਰਾਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਿਓ ਅਤੇ ਦਰਸ਼ਕਾਂ ਨੂੰ ਇਹ ਤੈਅ ਕਰਨ ਦਿਓ ਕਿ ਉਹ ਕੀ ਦੇਖਣਾ ਚਾਹੁੰਦੇ ਹਨ।” ਉਨ੍ਹਾਂ ਆਪਣੀ ਪੋਸਟ ਦੇ ਨਾਲ ਹੈਸ਼ਟੈਗ ‘#GrowUpIndia’ (ਗਰੋਅ ਅੱਪ ਇੰਡੀਆ) ਵੀ ਲਿਖਿਆ। ਇੱਕ ਹੋਰ ਪੋਸਟ ਵਿੱਚ ਇਕਬਾਲ ਨੇ ਕਿਹਾ ਕਿ ਨੈੱਟਫਲਿਕਸ ਦੀ ਪਹਿਲੀ ਪਾਕਿਸਤਾਨੀ ਓਰੀਜਨਲ ਸੀਰੀਜ਼ ਦੇਸ਼ ਦੇ ਡਰਾਮਾ ਜਗਤ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਲਈ ਇੱਕ ‘ਮਹੱਤਵਪੂਰਨ ਪ੍ਰਾਪਤੀ’ ਹੈ। ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਕਲਾ ਅਤੇ ਮਨੋਰੰਜਨ ਨੂੰ ਸਿਆਸਤ ਤੋਂ ਵੱਖ ਰੱਖਣ ਦੀ ਉਨ੍ਹਾਂ ਦੀ ਇਸ ਅਪੀਲ ਦਾ ਸਮਰਥਨ ਕੀਤਾ। ਅਦਾਕਾਰਾ ਆਇਸ਼ਾ ਉਮਰ ਨੇ ਕਿਹਾ, “ਖਿਡਾਰੀਆਂ ਨੂੰ ਖੇਡਣ ਦਿਓ, ਪਾਣੀ ਨੂੰ ਵਹਿਣ ਦਿਓ ਅਤੇ ਕਲਾਕਾਰਾਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਿਓ।”
