November 25, 2026
ਅੰਤਰਰਾਸ਼ਟਰੀਖਾਸ ਖ਼ਬਰ

ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਵਕੀਲ ਨੂੰ ਬਰਤਾਨੀਆ ’ਚ ਜ਼ਮਾਨਤ

ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਵਕੀਲ ਨੂੰ ਬਰਤਾਨੀਆ ’ਚ ਜ਼ਮਾਨਤ

ਲੰਡਨ- ਬਰਤਾਨੀਆ ਦੀ ਜੇਲ੍ਹ ਵਿੱਚ ਬੰਦ ਭਾਰਤੀ ਵਕੀਲ ਵਿਜੈ ਅਗਰਵਾਲ ਨੂੰ ਜਬਰ ਜਨਾਹ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਚੱਲ ਰਹੇ ਮਾਮਲੇ ਵਿੱਚ ਮੁਕੱਦਮੇ ਦੀ ਸੁਣਵਾਈ ਤੱਕ ਸਖ਼ਤ ਸ਼ਰਤਾਂ ’ਤੇ ਜ਼ਮਾਨਤ ਦੇ ਦਿੱਤੀ ਗਈ ਹੈ। ਲੰਡਨ ਦੀ ਸਾਊਥਵਰਕ ਕਰਾਊਨ ਕੋਰਟ ਵਿੱਚ ਜਸਟਿਸ ਡੇਵਿਡ ਟੌਮਲਿਨਸਨ ਨੇ ਬੁੱਧਵਾਰ ਨੂੰ ਅਗਰਵਾਲ ਅਤੇ ਉਨ੍ਹਾਂ ਦੀ ਸਹਿ-ਮੁਲਜ਼ਮ ਤੇ ਸਹਾਇਕ ਮਨਪ੍ਰੀਤ ਕੌਰ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ। ਅਗਰਵਾਲ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ਵਿੱਚ ਪੈਰਵੀ ਕਰ ਚੁੱਕੇ ਹਨ। ਉਨ੍ਹਾਂ ਨੂੰ ਅਗਸਤ ਵਿੱਚ ਲੰਡਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪਹਿਲਾਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਉਨ੍ਹਾਂ ਖ਼ਿਲਾਫ਼ ਬਲਾਤਕਾਰ ਦਾ ਇੱਕ ਅਤੇ ਜਿਨਸੀ ਹਮਲੇ ਦੇ ਤਿੰਨ ਦੋਸ਼ ਹਨ। ਮਨਪ੍ਰੀਤ ਕੌਰ ’ਤੇ ਵੀ ਇਸ ਮਾਮਲੇ ਵਿੱਚ ਦੋਸ਼ ਹਨ। ਅਦਾਲਤ ਨੇ ਹਾਲਾਤ ਵਿੱਚ ਤਬਦੀਲੀ ਦੇ ਆਧਾਰ ’ਤੇ ਜ਼ਮਾਨਤ ਦੇਣ ਦਾ ਫ਼ੈਸਲਾ ਕੀਤਾ। ਦੋਵੇਂ ਮੁਲਜ਼ਮ ਅਦਾਲਤ ਵਿੱਚ ਪੇਸ਼ ਹੋਏ ਅਤੇ ਜ਼ਮਾਨਤ ਮਿਲਣ ’ਤੇ ਰਾਹਤ ਮਹਿਸੂਸ ਕਰਦੇ ਨਜ਼ਰ ਆਏ। ਜੱਜ ਨੇ ਕਿਹਾ ਕਿ ਅਗਰਵਾਲ ਵੱਲੋਂ ਵੱਡੀ ਜ਼ਮਾਨਤੀ ਰਕਮ ਦੀ ਪੇਸ਼ਕਸ਼ ਕੀਤੇ ਜਾਣ ਕਾਰਨ ਉਹ ਜ਼ਮਾਨਤ ਦੇਣ ਦੇ ਪੱਖ ਵਿੱਚ ਹਨ।

ਪਾਸਪੋਰਟ ਪੁਲੀਸ ਕੋਲ ਜਮ੍ਹਾਂ ਕਰਵਾਉਣੇ ਹੋਣਗੇ- ਸਰਕਾਰੀ ਵਕੀਲਾਂ ਨੇ ਪਹਿਲਾਂ ਵਾਂਗ ਜ਼ਮਾਨਤ ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਕਿ ਅਗਰਵਾਲ ਪ੍ਰਭਾਵਸ਼ਾਲੀ ਵਿਅਕਤੀ ਹਨ ਅਤੇ ਦੋਵੇਂ ਮੁਲਜ਼ਮਾਂ ਦੇ ਦੇਸ਼ ਛੱਡ ਕੇ ਭੱਜਣ ਦਾ ਖ਼ਦਸ਼ਾ ਹੈ। ਹਾਲਾਂਕਿ, ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਦੋਸ਼ਾਂ ਦੀ ਪ੍ਰਕਿਰਤੀ ਅਜਿਹੀ ਨਹੀਂ ਹੈ ਕਿ ਉਨ੍ਹਾਂ ਨੂੰ ਮੁਕੱਦਮੇ ਤੱਕ ਜੇਲ੍ਹ ਵਿੱਚ ਰੱਖਿਆ ਜਾਵੇ।

57 ਸਾਲਾ ਅਗਰਵਾਲ ਨੂੰ ਬਰਤਾਨੀਆ ਵਿੱਚ ਇੱਕ ਪਤੇ ’ਤੇ ਰਹਿਣ ਦੀ ਇਜਾਜ਼ਤ ਮਿਲੀ ਹੈ। ਇਸ ਲਈ ਉਨ੍ਹਾਂ ਨੂੰ ਕਰੀਬ 5 ਲੱਖ ਪੌਂਡ ਦੀ ਜ਼ਮਾਨਤੀ ਰਕਮ ਦੇਣੀ ਪਵੇਗੀ ਅਤੇ ਇਲੈਕਟ੍ਰਾਨਿਕ ਟੈਗ ਪਹਿਨਣਾ ਹੋਵੇਗਾ, ਜਿਸ ਰਾਹੀਂ ਉਨ੍ਹਾਂ ਦੀ ਨਿਗਰਾਨੀ ਕੀਤੀ ਜਾਵੇਗੀ। 41 ਸਾਲਾ ਮਨਪ੍ਰੀਤ ਕੌਰ ਲਈ ਕਰੀਬ 20 ਹਜ਼ਾਰ ਪੌਂਡ ਦੀ ਜ਼ਮਾਨਤੀ ਰਕਮ ਤੈਅ ਕੀਤੀ ਗਈ ਹੈ। ਉਨ੍ਹਾਂ ’ਤੇ ਵੀ ਸਖ਼ਤ ਨਿਗਰਾਨੀ ਰਹੇਗੀ। ਦੋਵਾਂ ਦੇ ਪਾਸਪੋਰਟ ਬਰਤਾਨਵੀ ਪੁਲੀਸ ਕੋਲ ਜਮ੍ਹਾਂ ਰਹਿਣਗੇ ਅਤੇ ਉਹ ਮੁਕੱਦਮੇ ਦੀ ਸੁਣਵਾਈ ਤੱਕ ਦੇਸ਼ ਤੋਂ ਬਾਹਰ ਨਹੀਂ ਜਾ ਸਕਣਗੇ। ਮੁਕੱਦਮਾ ਅਗਲੇ ਸਾਲ ਸ਼ੁਰੂ ਹੋਣ ਦੀ ਉਮੀਦ ਹੈ।ਅਦਾਲਤ ਵਿੱਚ ਸਾਹਮਣੇ ਆਏ ਵੇਰਵਿਆਂ ਮੁਤਾਬਕ, ਅਗਰਵਾਲ ’ਤੇ ਇੱਕ ਮਹਿਲਾ ਨਾਲ ਉਸ ਦੀ ਸਹਿਮਤੀ ਤੋਂ ਬਿਨਾਂ ਜਿਨਸੀ ਛੇੜਛਾੜ ਕਰਨ ਅਤੇ ਮਹਿਲਾਵਾਂ ਨੂੰ ਸ਼ੋਸ਼ਣ ਦੇ ਇਰਾਦੇ ਨਾਲ ਯਾਤਰਾ ਕਰਵਾਉਣ ਵਿੱਚ ਮਦਦ ਕਰਨ ਦੇ ਦੋਸ਼ ਵੀ ਹਨ। ਉਨ੍ਹਾਂ ਦੇ ਵਕੀਲ ਨੇ ਜਬਰ ਜਨਾਹ ਦੇ ਦੋਸ਼ ਨੂੰ ਸਹਿਮਤੀ ਦੇ ਸਵਾਲ ਨਾਲ ਜੁੜਿਆ ਗੁੰਝਲਦਾਰ ਮਾਮਲਾ ਦੱਸਿਆ। ਅਦਾਲਤ ਵਿੱਚ ਗਵਾਹ ਵਜੋਂ ਜ਼ਿਕਰ ਕੀਤੀਆਂ ਮਹਿਲਾਵਾਂ ਦੀ ਪਛਾਣ ਬਰਤਾਨਵੀ ਕਾਨੂੰਨ ਤਹਿਤ ਗੁਪਤ ਰੱਖੀ ਗਈ ਹੈ।

Related posts

पटियाला में बड़ी नदी का जलस्तर बढ़ा, बाढ़ का खतरा; कई इलाकों को खाली कराने के आदेश

Current Updates

ਹੋਰਮੁਜ਼ ਦੇ ਨਾਲ ਲੱਗਦੀਆਂ ਇਰਾਨ ਦੀਆਂ ਐਂਟੀ-ਸ਼ਿਪ ਮਿਜ਼ਾਈਲ ਯੂਨਿਟਾਂ ’ਤੇ ਅਮਰੀਕੀ ਬੰਬਾਰੀ

Current Updates

824 ਅੰਕ ਡਿੱਗਿਆ ਸੈਂਸੈਕਸ, 7 ਮਹੀਨਿਆਂ ਦੇ ਹੇਠਲੇ ਪੱਧਰ ’ਤੇ

Current Updates

Leave a Comment