ਧਰਮਸ਼ਾਲਾ- ਧਰਮਸ਼ਾਲਾ ਦੇ ਸਰਕਾਰੀ ਡਿਗਰੀ ਕਾਲਜ ਦੀ 19 ਸਾਲਾ ਵਿਦਿਆਰਥਣ ਦੀ ਰੈਗਿੰਗ,ਜਿਨਸੀ ਸ਼ੋਸ਼ਣ ਅਤੇ ਮੌਤ ਦੇ ਦੋਸ਼ ਵਿੱਚ ਇੱਕ ਕਾਲਜ ਪ੍ਰੋਫੈਸਰ ਅਤੇ ਤਿੰਨ ਵਿਦਿਆਰਥਣਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਧਰਮਸ਼ਾਲਾ ਪੁਲੀਸ ਸਟੇਸ਼ਨ ਵਿੱਚ ਕਾਲਜ ਪ੍ਰੋਫੈਸਰ ਅਸ਼ੋਕ ਕੁਮਾਰ ਅਤੇ ਤਿੰਨ ਵਿਦਿਆਰਥਣਾਂ ਹਰਸ਼ਿਤਾ,ਆਕ੍ਰਿਤੀ ਅਤੇ ਕੋਮੋਲਿਕਾ ਵਿਰੁੱਧ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ 75,115(2) ਅਤੇ 3(5) ਅਤੇ ਹਿਮਾਚਲ ਪ੍ਰਦੇਸ਼ ਵਿਦਿਅਕ ਸੰਸਥਾਵਾਂ (ਰੈਗਿੰਗ ਦੀ ਮਨਾਹੀ) ਐਕਟ,2009 ਦੀ ਧਾਰਾ 3 ਤਹਿਤ ਐੱਫ ਆਈ ਆਰ (FIR) ਦਰਜ ਕੀਤੀ ਗਈ ਹੈ।
ਪੀੜਤ ਲੜਕੀ ਦੇ ਪਿਤਾ ਵਿਕਰਮ ਕੁਮਾਰ,ਜੋ ਕਿ ਧਰਮਸ਼ਾਲਾ ਦੇ ਸਿੱਧਬਾੜੀ ਦੇ ਰਹਿਣ ਵਾਲੇ ਹਨ,ਨੇ ਸਥਾਨਕ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪੁਲੀਸ ਅਨੁਸਾਰ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੀ ਬੇਟੀ ਪੱਲਵੀ (19) ਸਰਕਾਰੀ ਡਿਗਰੀ ਕਾਲਜ,ਧਰਮਸ਼ਾਲਾ ਦੀ ਦੂਜੇ ਸਾਲ ਦੀ ਵਿਦਿਆਰਥਣ ਸੀ। ਉਨ੍ਹਾਂ ਦੋਸ਼ ਲਾਇਆ ਕਿ 18 ਸਤੰਬਰ,2025 ਨੂੰ ਉਸੇ ਕਾਲਜ ਦੀਆਂ ਤਿੰਨ ਵਿਦਿਆਰਥਣਾਂ ਹਰਸ਼ਿਤਾ,ਆਕ੍ਰਿਤੀ ਅਤੇ ਕੋਮੋਲਿਕਾ ਨੇ ਉਸਦੀ ਬੇਟੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਡਰਾਇਆ-ਧਮਕਾਇਆ ਸੀ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਕਾਲਜ ਦੇ ਇੱਕ ਪ੍ਰੋਫੈਸਰ ਅਸ਼ੋਕ ਕੁਮਾਰ ਨੇ ਪੱਲਵੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਸਨ।
ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਕਥਿਤ ਪਰੇਸ਼ਾਨੀ ਅਤੇ ਡਰਾਉਣ-ਧਮਕਾਉਣ ਤੋਂ ਬਾਅਦ ਉਸਦੀ ਬੇਟੀ ਬਹੁਤ ਡਰ ਗਈ ਸੀ ਅਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗੀ,ਜਿਸ ਕਾਰਨ ਉਸਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ। ਉਨ੍ਹਾਂ ਅੱਗੇ ਦੱਸਿਆ ਕਿ ਪਹਿਲਾਂ ਉਸ ਦਾ ਇਲਾਜ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਸਪਤਾਲਾਂ ਵਿੱਚ ਕੀਤਾ ਗਿਆ ਕਿਉਂਕਿ ਉਸਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ। ਇਸ ਤੋਂ ਬਾਅਦ ਪੱਲਵੀ ਨੂੰ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (DMC),ਲੁਧਿਆਣਾ ਰੈਫਰ ਕਰ ਦਿੱਤਾ ਗਿਆ,ਜਿੱਥੇ 26 ਦਸੰਬਰ 2025 ਨੂੰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਵਿਕਰਮ ਕੁਮਾਰ ਨੇ ਦੱਸਿਆ ਕਿ ਉਹ ਪਹਿਲਾਂ ਪੁਲੀਸ ਨੂੰ ਮਾਮਲੇ ਦੀ ਰਿਪੋਰਟ ਨਹੀਂ ਕਰ ਸਕਿਆ ਕਿਉਂਕਿ ਉਸਦੀ ਬੇਟੀ ਲੰਬੇ ਸਮੇਂ ਤੱਕ ਗੰਭੀਰ ਰੂਪ ਵਿੱਚ ਬਿਮਾਰ ਅਤੇ ਸਦਮੇ ਵਿੱਚ ਰਹੀ। ਉਸ ਦੀ ਮੌਤ ਤੋਂ ਬਾਅਦ ਪਰਿਵਾਰ ਵੀ ਡੂੰਘੇ ਸਦਮੇ ਵਿੱਚ ਸੀ,ਜਿਸ ਕਾਰਨ ਸ਼ਿਕਾਇਤ ਦਰਜ ਕਰਵਾਉਣ ਵਿੱਚ ਦੇਰੀ ਹੋਈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਅਤੇ ਮੁੱਢਲੀ ਪੁੱਛਗਿੱਛ ਤੋਂ ਬਾਅਦ ਤਿੰਨ ਵਿਦਿਆਰਥਣਾਂ ਅਤੇ ਕਾਲਜ ਅਧਿਆਪਕ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਜਾਂਚ ਵਿੱਚ ਰੈਗਿੰਗ,ਸਰੀਰਕ ਸ਼ੋਸ਼ਣ,ਡਰਾਉਣ-ਧਮਕਾਉਣ ਅਤੇ ਜਿਨਸੀ ਦੁਰਵਿਹਾਰ ਦੇ ਦੋਸ਼ਾਂ ਦੇ ਨਾਲ-ਨਾਲ ਉਨ੍ਹਾਂ ਘਟਨਾਵਾਂ ਦੇ ਕ੍ਰਮ ਦੀ ਜਾਂਚ ਕੀਤੀ ਜਾਵੇਗੀ ਜਿਨ੍ਹਾਂ ਕਾਰਨ ਕਥਿਤ ਤੌਰ ‘ਤੇ ਵਿਦਿਆਰਥਣ ਦੀ ਸਿਹਤ ਵਿਗੜੀ ਅਤੇ ਮੌਤ ਹੋਈ।
ਉਨ੍ਹਾਂ ਅੱਗੇ ਕਿਹਾ ਕਿ ਜਾਂਚ ਦੌਰਾਨ ਪੱਲਵੀ ਦੇ ਸਹਿਪਾਠੀਆਂ,ਅਧਿਆਪਕਾਂ,ਕਾਲਜ ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾਣਗੇ। ਡੀ ਐਮ ਸੀ (DMC) ਲੁਧਿਆਣਾ ਸਮੇਤ ਜਿਨ੍ਹਾਂ ਹਸਪਤਾਲਾਂ ਵਿੱਚ ਪੱਲਵੀ ਦਾ ਇਲਾਜ ਹੋਇਆ ਸੀ,ਉੱਥੋਂ ਦੇ ਮੈਡੀਕਲ ਰਿਕਾਰਡ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਐਸ.ਪੀ (SP) ਅਸ਼ੋਕ ਰਤਨ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਕੇਸ ਦੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਅਤੇ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇਗੀ।
