ਰਾਏਕੋਟ- ਇੱਥੇ ਬਰਨਾਲਾ ਚੌਂਕ ਨੇੜੇ ਸਥਿਤ ਸਿਮਰ ਹੋਟਲ ਦੇ ਇਕ ਕਮਰੇ ਵਿੱਚ ਪਿੰਡ ਜਲਾਲਦੀਵਾਲ ਦੇ 30 ਸਾਲਾ ਨੌਜਵਾਨ ਨੇ ਆਪਣੀ ਨਿੱਜੀ ਰਿਵਾਲਵਰ ਨਾਲ ਸਿਰ ਵਿੱਚ ਗੋਲੀ ਮਾਰ ਕੇ ਆਤਮਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਬਲੇ-ਗ਼ੌਰ ਹੈ ਕਿ ਕਰੀਬ ਦੋ ਹਫ਼ਤੇ ਬਾਅਦ 16 ਜਨਵਰੀ ਨੂੰ ਨੌਜਵਾਨ ਦਾ ਵਿਆਹ ਤੈਅ ਕੀਤਾ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਦੇ ਘਰ ਤੋਂ ਹੋਟਲ ਦੀ ਦੂਰੀ ਮਹਿਜ਼ ਚਾਰ ਕਿੱਲੋਮੀਟਰ ਹੈ ਅਤੇ ਨੌਜਵਾਨ ਹੋਟਲ ਵਿੱਚ ਆਪਣੀ ਕਾਰ ਵਿੱਚ ਰਾਤ ਸਮੇਂ ਇੱਥੇ ਆਇਆ ਸੀ। ਸੂਤਰਾਂ ਤੋਂ ਪ੍ਰਾਪਤ ਮੁਢਲੇ ਵੇਰਵਿਆਂ ਅਨੁਸਾਰ ਘਟਨਾ ਦੌਰਾਨ ਨੌਜਵਾਨ ਦਾ ਕਮਰਾ ਅੰਦਰੋਂ ਬੰਦ ਸੀ ਅਤੇ ਉੱਥੋਂ ਸ਼ਰਾਬ ਦੀ ਬੋਤਲ ਮਿਲਣ ਦੀ ਵੀ ਸੂਚਨਾ ਹੈ।
ਇਸ ਸਬੰਧੀ ਉਪ ਪੁਲੀਸ ਕਪਤਾਨ ਹਰਜਿੰਦਰ ਸਿੰਘ ਨੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੁੱਢਲੀ ਛਾਣਬੀਣ ਦੌਰਾਨ ਪਤਾ ਲੱਗਾ ਹੈ ਕਿ ਮ੍ਰਿਤਕ ਨੌਜਵਾਨ ਨੇ ਆਪਣੇ ਸਿਰ ਵਿੱਚ ਗੋਲੀ ਮਾਰੀ ਹੈ। ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਲੁਧਿਆਣਾ (ਦਿਹਾਤੀ) ਜ਼ਿਲ੍ਹੇ ਦੀ ਫੋਰੈਂਸਿਕ ਟੀਮ ਨੂੰ ਜਾਂਚ ਲਈ ਬੁਲਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਦੇ ਪਿਤਾ ਜਗਰੂਪ ਸਿੰਘ ਨੂੰ ਹੋਟਲ ਦੇ ਕਰਿੰਦੇ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ। ਡੀ.ਐੱਸ.ਪੀ ਹਰਜਿੰਦਰ ਸਿੰਘ, ਥਾਣਾ ਰਾਏਕੋਟ ਸ਼ਹਿਰੀ ਦੇ ਮੁਖੀ ਸਬ-ਇੰਸਪੈਕਟਰ ਗੁਰਸੇਵਕ ਸਿੰਘ ਵੀ ਮੌਕੇ ’ਤੇ ਪਹੁੰਚੇ ਹਨ। ਘਟਨਾ ਬਾਰੇ ਪਤਾ ਲੱਗਣ ’ਤੇ ਵੱਡੀ ਗਿਣਤੀ ਪਿੰਡ ਅਤੇ ਇਲਾਕਾ ਵਾਸੀ ਹੋਟਲ ਬਾਹਰ ਇਕੱਤਰ ਹੋ ਗਏ ਹਨ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਲਈ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
