ਸ਼ਿਮਲਾ- ਦੁਨੀਆ ਭਰ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਰਹਿਣ ਵਾਲਾ ਹਿੱਲ ਸਟੇਸ਼ਨ ਸ਼ਿਮਲਾ ਆਪਣੀ ਸਰਦੀਆਂ ਦੀ ਚਮਕ ਗੁਆ ਰਿਹਾ ਹੈ, ਕਿਉਂਕਿ ਬਰਫ਼ੀਲੇ ਨਜ਼ਾਰੇ ਹੁਣ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ। ਬਰਫ਼ ਦੀ ਮੋਟੀ ਚਿੱਟੀ ਚਾਦਰ ਦੀ ਜਗ੍ਹਾ ਹੁਣ ਖੁਸ਼ਕ ਸਰਦੀਆਂ ਨੇ ਲੈ ਲਈ ਹੈ, ਜਿਸ ਨਾਲ ਸਥਾਨਕ ਲੋਕ ਇਸ ਗੱਲੋਂ ਚਿੰਤਿਤ ਹਨ ਕਿ ਕੀ ਆਉਣ ਵਾਲੇ ਸਾਲਾਂ ਵਿੱਚ ਵੀ ਇਹੀ ਰੁਝਾਨ ਜਾਰੀ ਰਹੇਗਾ।
ਉੱਤਰ-ਪੱਛਮੀ ਹਿਮਾਲਿਆ ਵਿੱਚ 2,205 ਮੀਟਰ ਦੀ ਔਸਤ ਉਚਾਈ ‘ਤੇ ਸਥਿਤ ਸ਼ਿਮਲਾ ਕਦੇ ਗਰਮੀਆਂ ਵਿੱਚ ਸੁਹਾਵਣੇ ਮੌਸਮ ਅਤੇ ਸਰਦੀਆਂ ਵਿੱਚ ਬਹੁਤ ਜ਼ਿਆਦਾ ਠੰਢ ਤੇ ਬਰਫ਼ਬਾਰੀ ਲਈ ਜਾਣਿਆ ਜਾਂਦਾ ਸੀ। ਹਾਲਾਂਕਿ, ਮੌਸਮ ਚੱਕਰ ਵਿੱਚ ਬਦਲਾਅ, ਅੰਨ੍ਹੇਵਾਹ ਉਸਾਰੀ ਅਤੇ ਜੰਗਲਾਂ ਦੀ ਕਟਾਈ ਦੇ ਨਤੀਜੇ ਵਜੋਂ ਪਿਛਲੇ ਸਮੇਂ ਦੇ ਮੁਕਾਬਲੇ ਸਰਦੀਆਂ ਦੇ ਮੌਸਮ ਦੌਰਾਨ ਸ਼ਹਿਰ ਵਿੱਚ ਬਹੁਤ ਘੱਟ ਜਾਂ ਬਿਲਕੁਲ ਵੀ ਬਰਫ਼ਬਾਰੀ ਨਹੀਂ ਹੋ ਰਹੀ।
ਸ਼ਿਮਲਾ ਵਿੱਚ ਬਰਫ਼ਬਾਰੀ, ਜੋ ਇਤਿਹਾਸਕ ਤੌਰ ‘ਤੇ ਦਸੰਬਰ ਵਿੱਚ ਸ਼ੁਰੂ ਹੋ ਜਾਂਦੀ ਸੀ, ਪਿਛਲੇ 15 ਸਾਲਾਂ ਦੌਰਾਨ ਜਨਵਰੀ ਅਤੇ ਫਰਵਰੀ ਦੇ ਸ਼ੁਰੂ ਵਿੱਚ ਖਿਸਕ ਗਈ ਹੈ। ਜਦੋਂ ਕਿ ਪਿਛਲੇ ਸਮੇਂ ਵਿੱਚ ਦਸੰਬਰ, ਜਨਵਰੀ ਅਤੇ ਫਰਵਰੀ ਦੌਰਾਨ ਸ਼ਿਮਲਾ ਵਿੱਚ ਹੱਡ ਚੀਰਵੀਂ ਠੰਢ ਰਹਿੰਦੀ ਸੀ, ਇਸ ਸਾਲ ਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 15°C ਤੋਂ 21°C ਦੇ ਵਿਚਕਾਰ ਰਹਿਣ ਕਾਰਨ ਕਾਫ਼ੀ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਮਹੀਨੇ ਸ਼ਿਮਲਾ ਵਿੱਚ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ 15.6°C ਦਰਜ ਕੀਤਾ ਗਿਆ ਸੀ, ਜਦੋਂ ਕਿ ਸਭ ਤੋਂ ਵੱਧ 21.6°C ਰਿਹਾ।
ਇਸੇ ਤਰ੍ਹਾਂ ਘੱਟੋ-ਘੱਟ ਤਾਪਮਾਨ ਵੀ 5°C ਤੋਂ 12.2°C ਦੇ ਵਿਚਕਾਰ ਰਿਹਾ ਹੈ, ਜੋ ਕਿ ਇੱਕ ਵੱਡਾ ਬਦਲਾਅ ਹੈ ਕਿਉਂਕਿ ਪਹਿਲਾਂ ਦਸੰਬਰ ਵਿੱਚ ਔਸਤ ਤਾਪਮਾਨ 3°C ਤੋਂ 10°C ਦੇ ਵਿਚਕਾਰ ਰਹਿੰਦਾ ਸੀ। ਇਸ ਸਾਲ ਸਥਿਤੀ ਹੋਰ ਵੀ ਚਿੰਤਾਜਨਕ ਹੋ ਗਈ ਹੈ ਕਿਉਂਕਿ ਸੂਬੇ ਵਿੱਚ ਦਸੰਬਰ ਵਿੱਚ ਮੀਂਹ ਦੀ 99 ਪ੍ਰਤੀਸ਼ਤ ਕਮੀ ਦੇਖੀ ਗਈ ਹੈ। ਸ਼ਿਮਲਾ, ਜਿੱਥੇ ਦਸੰਬਰ ਵਿੱਚ 21.4 ਮਿਲੀਮੀਟਰ ਮੀਂਹ ਪੈਂਦਾ ਸੀ, ਉੱਥੇ ਇਸ ਵਾਰ ਕੋਈ ਮੀਂਹ ਜਾਂ ਬਰਫ਼ਬਾਰੀ ਨਹੀਂ ਹੋਈ, ਜਿਸ ਨਾਲ ਸੋਕੇ ਵਰਗੀ ਸਥਿਤੀ ਬਣ ਗਈ ਹੈ।
ਸ਼ਿਮਲਾ ਵਾਸੀ ਵਿਜੇ ਠਾਕੁਰ ਕਹਿੰਦੇ ਹਨ ਕਿ ਇਹ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਕੁਝ ਦਹਾਕੇ ਪਹਿਲਾਂ ਅਸੀਂ ਉਤਸ਼ਾਹ ਨਾਲ ਸਰਦੀਆਂ ਦੀ ਤਿਆਰੀ ਕਰਦੇ ਸੀ, ਪਰ ਹੁਣ ਦਸੰਬਰ ਗਰਮੀਆਂ ਵਰਗਾ ਮਹਿਸੂਸ ਹੁੰਦਾ ਹੈ ਅਤੇ ਲੋਕਾਂ ਨੂੰ ਭਾਰੀ ਗਰਮ ਕੱਪੜੇ ਪਾਉਣ ਦੀ ਲੋੜ ਵੀ ਨਹੀਂ ਪੈਂਦੀ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸ਼ਾਇਦ ਬਰਫ਼ਬਾਰੀ ਨਹੀਂ ਦੇਖ ਸਕਣਗੀਆਂ।
