ਬਠਿੰਡਾ- ਬਠਿੰਡਾ ਪੁਲੀਸ ਨੇ 23 ਸਾਲਾ ਰੀਤਿਕਾ ਗੋਇਲ ਦੇ ਅੰਨ੍ਹੇ ਕਤਲ ਦੇ ਮਾਮਲੇ ਨੂੰ ਮਹਿਜ਼ 24 ਘੰਟਿਆਂ ਵਿੱਚ ਹੱਲ ਕਰਦਿਆਂ, ਉਸ ਦੇ ਪਤੀ ਸਾਹਿਲ ਨੂੰ ਕਤਲ ਦੇ ਦੋਸ਼ ’ਚ ਗ੍ਰਿਫ਼ਤਾਰ ਕਰ ਲਿਆ ਹੈ। ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਕਾਤਲ ਸਾਹਿਲ ਕੁਮਾਰ ਉਰਫ਼ ਰੌਣਕ ਕੁਮਾਰ ਵਾਸੀ ਗਲੀ ਨੰਬਰ 9 ਜਨਤਾ ਨਗਰ ਬਠਿੰਡਾ ਪਾਸੋਂ ਕੀਤੀ ਗਈ ਪੁੱਛਗਿੱਛ ਅਤੇ ਤਫ਼ਤੀਸ਼ ਤੋਂ ਸਾਹਮਣੇ ਆਇਆ ਕਿ ਉਹ ਆਪਣੀ ਪਤਨੀ ਰੀਤਿਕਾ ’ਤੇ ਸ਼ੱਕ ਕਰਦਾ ਸੀ ਕਿ ਉਸ ਦੇ ਕਿਸੇ ਹੋਰ ਵਿਅਕਤੀ ਨਾਲ ਨਜਾਇਜ਼ ਸਬੰਧ ਹਨ। ਇਸੇ ਕਰਕੇ ਮੁਲਜ਼ਮ ਘਟਨਾ ਵਾਲੇ ਦਿਨ ਆਪਣੀ ਘਰ ਵਾਲੀ ਰੀਤਿਕਾ ਨੂੰ ਆਪਣੇ ਨਾਲ ਮੋਟਰਸਾਈਕਲ ’ਤੇ ਖਾਣ-ਪੀਣ ਦੇ ਬਹਾਨੇ ਘਟਨਾ ਵਾਲੀ ਜਗ੍ਹਾ ’ਤੇ ਲੈ ਆਇਆ ਅਤੇ ਉਸ ਦੇ ਗਲ਼ ’ਤੇ ਤੇਜ਼ ਧਾਰ ਹਥਿਆਰ ਨਾਲ ਵਾਰ ਕਰਕੇ ਉਸ ਨੂੰ ਮਾਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਵਾਰਦਾਤ ਸਮੇਂ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ।
ਗੌਰਤਲਬ ਹੈ ਕਿ 27 ਦਸੰਬਰ ਨੂੰ ਥਾਣਾ ਕੈਨਾਲ ਕਾਲੋਨੀ ਬਠਿੰਡਾ ਵਿਖੇ ਰੀਤਿਕਾ ਦੀ ਮਾਂ ਨੇ ਸੂਚਨਾ ਦਿੱਤੀ ਸੀ ਕਿ ਉਸ ਦੀ ਬੇਟੀ ਦੀ ਲਾਸ਼ ਠੰਢੀ ਸੜਕ ’ਤੇ ਝਾੜੀਆਂ ਵਿੱਚ ਪਈ ਹੈ। ਇਸ ਸਬੰਧੀ ਥਾਣੇ ਦੀ ਪੁਲੀਸ ਵੱਲੋਂ ਮੌਕੇ ’ਤੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ। ਲਾਸ਼ ਦੀ ਸ਼ਨਾਖ਼ਤ ਕਰਨ ਉਪਰੰਤ ਪਤਾ ਲੱਗਾ ਕਿ ਲੜਕੀ ਦਾ ਕਿਸੇ ਨਾ-ਮਾਲੂਮ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਲੜਕੀ ਦੀ ਮਾਤਾ ਸੀਮਾ ਰਾਣੀ ਦੇ ਬਿਆਨਾਂ ’ਤੇ ਥਾਣਾ ਕੈਨਾਲ ਕਾਲੋਨੀ ਬਠਿੰਡਾ ਵਿੱਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕਤਲ ਦਾ ਮੁੱਕਦਮਾ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਸੀ। ਜਾਣਕਾਰੀ ਮੁਤਾਬਿਕ ਰੀਤਿਕਾ ਗੋਇਲ ਦਾ ਸਾਹਿਲ ਨਾਲ 2022 ਵਿੱਚ ਪ੍ਰੇਮ ਵਿਆਹ ਹੋਇਆ ਸੀ ਅਤੇ ਉਨ੍ਹਾਂ ਦਾ ਦੋ ਸਾਲ ਦਾ ਬੱਚਾ ਸੀ। ਲੜਕੀ ਬੈਂਕ ਬਾਜ਼ਾਰ ਬਠਿੰਡਾ ’ਚ ਸਥਿਤ ਕੱਪੜੇ ਦੇ ਇੱਕ ਸ਼ੋਅ ਰੂਮ ’ਤੇ ਨੌਕਰੀ ਕਰਦੀ ਸੀ। ਮੁਲਜ਼ਮ ਵੱਲੋਂ ਕਤਲ ਕਰਕੇ ਉਸ ਨੂੰ ਛੁਪਾਉਣ ਲਈ ਯੂ-ਟਿਊਬ ਦੀ ਮਦਦ ਲਈ ਗਈ ਸੀ।
