ਕਪੂਰਥਲਾ- ਕਪੂਰਥਲਾ ਜ਼ਿਲ੍ਹੇ ਦੇ ਤਲਵੰਡੀ ਚੌਧਰੀਆਂ ਖੇਤਰ ਦੇ ਪਿੰਡ ਖਿਜਰਪੁਰ ਨੇੜੇ ਜੰਮੂ-ਕਟੜਾ ਐਕਸਪ੍ਰੈਸਵੇਅ ਦੇ ਨਿਰਮਾਣ ਪਲਾਂਟ ਦੇ ਇੱਕ ਸਟੋਰ ਵਿੱਚ ਮੰਗਲਵਾਰ ਰਾਤ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨਾਲ ਲਗਪਗ 2 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਇਸ ਮੌਕੇ ਤਲਵੰਡੀ ਚੌਧਰੀਆਂ ਥਾਣੇ ਦੇ ਪੁਲਹਸ ਮੁਲਾਜ਼ਮਾਂ ਨੇ ਵੀ ਅੱਗ ਬੁਝਾਉਣ ਦੇ ਕਾਰਜ ਵਿੱਚ ਸਹਾਇਤਾ ਕੀਤੀ।
ਜਾਂਚ ਅਧਿਕਾਰੀ ਏਐੱਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐਕਸਪ੍ਰੈਸਵੇਅ ਪ੍ਰੋਜੈਕਟ ਦਾ ਕੰਮ ਕਰ ਰਹੀ ਐਸਪੀ ਸਿੰਗਲਾ ਕੰਸਟ੍ਰਕਸ਼ਨ ਕੰਪਨੀ ਦੇ ਸਟੋਰ ਮੈਨੇਜਰ ਮਨਦੀਪ ਸਿੰਘ ਨੇ ਦੱਸਿਆ ਕਿ ਸਟੋਰ ਸ਼ਾਮ 7 ਵਜੇ ਦੇ ਕਰੀਬ ਬੰਦ ਕਰ ਦਿੱਤਾ ਗਿਆ ਸੀ ਅਤੇ ਸਾਰੀਆਂ ਲਾਈਟਾਂ ਬੰਦ ਸਨ, ਜਿਸ ਦੌਰਾਨ ਇੱਕ ਸੁਰੱਖਿਆ ਗਾਰਡ ਡਿਊਟੀ ‘ਤੇ ਸੀ। ਰਾਤ ਕਰੀਬ 8 ਵਜੇ ਗਾਰਡ ਨੇ ਸਟੋਰ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਅਤੇ ਸੂਚਿਤ ਕੀਤਾ। ਜਦੋਂ ਤੱਕ ਉਹ ਮੌਕੇ ‘ਤੇ ਪਹੁੰਚੇ ਅੱਗ ਤੇਜ਼ੀ ਨਾਲ ਫੈਲ ਚੁੱਕੀ ਸੀ। ਸਟੋਰ ਮੈਨੇਜਰ ਨੇ ਖਦਸ਼ਾ ਜਤਾਇਆ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਟੋਰ ਵਿੱਚ ਰੱਖੇ ਮਹਿੰਗੇ ਕੈਮੀਕਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਹਨ, ਜਿਸ ਕਾਰਨ ਭਾਰੀ ਵਿੱਤੀ ਨੁਕਸਾਨ ਹੋਇਆ ਹੈ। ਪੁਲੀਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
