ਮਾਲੇਰਕੋਟਲਾ- ਮਾਲੇਰਕੋਟਲਾ ਜ਼ਿਲ੍ਹੇ ਦੀਆਂ ਬਹੁਤੀਆਂ ਸੰਪਰਕ ਸੜਕਾਂ, ਖ਼ਾਸ ਕਰਕੇ ਮਾਲੇਰਕੋਟਲਾ-ਖੰਨਾ ਮਾਰਗ ’ਤੇ ਸੜਕ ਕਿਨਾਰਿਆਂ ’ਤੇ ਚਿੱਟੀ ਪੱਟੀ (ਵਾਈਟ ਲਾਈਨ) ਨਾ ਹੋਣ ਕਾਰਨ ਵਾਹਨ ਚਾਲਕਾਂ ਲਈ ਰਾਤ ਅਤੇ ਸੰਘਣੀ ਧੁੰਦ ਦੌਰਾਨ ਸਫ਼ਰ ਕਰਨਾ ਬੇਹੱਦ ਜੋਖ਼ਮ ਭਰਿਆ ਹੋ ਗਿਆ ਹੈ। ਸੰਘਣੀ ਧੁੰਦ ਕਾਰਨ ਦਿਸਣ ਹੱਦ ਘਟਣ ਕਰਕੇ ਵਾਹਨ ਚਾਲਕਾਂ ਨੂੰ ਸੜਕ ਦੇ ਕਿਨਾਰੇ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਵਾਹਨਾਂ ਦੇ ਸੜਕ ਤੋਂ ਹੇਠਾਂ ਉਤਰਨ, ਦਰਖ਼ਤਾਂ ਨਾਲ ਟਕਰਾਉਣ ਜਾਂ ਨਹਿਰਾਂ-ਖਤਾਨਾਂ ਵਿੱਚ ਡਿੱਗਣ ਦਾ ਡਰ ਬਣਿਆ ਰਹਿੰਦਾ ਹੈ। ਜਿਨ੍ਹਾਂ ਸੜਕਾਂ ’ਤੇ ਪੁਰਾਣੀ ਪੱਟੀ ਲੱਗੀ ਵੀ ਹੋਈ ਹੈ, ਉਹ ਇੰਨੀ ਫਿੱਕੀ ਪੈ ਚੁੱਕੀ ਹੈ ਕਿ ਧੁੰਦ ਵਿੱਚ ਉਸ ਦੀ ਮੌਜੂਦਗੀ ਦਾ ਕੋਈ ਲਾਭ ਨਹੀਂ ਮਿਲ ਰਿਹਾ।
ਇਲਾਕਾ ਨਿਵਾਸੀਆਂ ਅਨੁਸਾਰ ਨਹਿਰਾਂ ਅਤੇ ਰਜਵਾਹਿਆਂ ਕਿਨਾਰੇ ਬਣੀਆਂ ਸੜਕਾਂ ’ਤੇ ਸਥਿਤੀ ਹੋਰ ਵੀ ਗੰਭੀਰ ਹੈ, ਕਿਉਂਕਿ ਉੱਥੇ ਨਾ ਤਾਂ ਕੋਈ ਚਿਤਾਵਨੀ ਬੋਰਡ ਹਨ ਅਤੇ ਨਾ ਹੀ ਮੋੜਾਂ ਜਾਂ ਪੁਲੀਆਂ ’ਤੇ ਰੇਡੀਅਮ ਸੰਕੇਤਕ ਲੱਗੇ ਹੋਏ ਹਨ। ਖ਼ਾਨਪੁਰ, ਨਾਰੀਕੇ, ਬਿੰਜੋਕੀ ਅਤੇ ਹਥੋਆ ਵਰਗੇ ਇਲਾਕਿਆਂ ਦੀਆਂ ਦਰਜਨਾਂ ਸੜਕਾਂ ‘ਤੇ ਨਿਸ਼ਾਨਦੇਹੀ ਦੀ ਘਾਟ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਸੜਕੀ ਹਾਦਸਿਆਂ ਨੂੰ ਰੋਕਣ ਲਈ ਸੜਕ ਕਿਨਾਰਿਆਂ, ਪੁਲਾਂ ਅਤੇ ਮੋੜਾਂ ਨੂੰ ਤੁਰੰਤ ਰੇਡੀਅਮ ਪੇਂਟ ਅਤੇ ਚਿੱਟੀਆਂ ਪੱਟੀਆਂ ਨਾਲ ਚਿੰਨ੍ਹਿਤ ਕੀਤਾ ਜਾਵੇ।
