ਧਰਮਕੋਟ- ਕੋਟ ਈਸੇ ਖਾਂ ਪੁਲੀਸ ਨੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇੱਕ ਕਰੇਟਾ ਕਾਰ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 1 ਕਿੱਲੋ ਅਫ਼ੀਮ ਅਤੇ ਇੱਕ 32 ਬੋਰ ਦਾ ਨਾਜਾਇਜ਼ ਰਿਵਾਲਵਰ ਬਰਾਮਦ ਕੀਤਾ ਹੈ। ਇਹ ਕਾਰਵਾਈ ਥਾਣਾ ਮੁਖੀ ਜਨਕ ਰਾਜ ਦੀ ਅਗਵਾਈ ਹੇਠ ਪੁਖ਼ਤਾ ਸੂਚਨਾ ਦੇ ਆਧਾਰ ’ਤੇ ਕੀਤੀ ਗਈ। ਫੜੇ ਗਏ ਨੌਜਵਾਨਾਂ ਦੀ ਪਛਾਣ ਗਗਨਦੀਪ ਸਿੰਘ ਅਤੇ ਚਾਨਣ ਸਿੰਘ ਵਜੋਂ ਹੋਈ ਹੈ, ਜੋ ਕਿ ਭਿਖੀਵਿੰਡ (ਪੱਟੀ) ਦੇ ਰਹਿਣ ਵਾਲੇ ਹਨ। ਡੀ.ਐੱਸ.ਪੀ. ਜਸਵਰਿੰਦਰ ਸਿੰਘ ਨੇ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਕਬੂਲਿਆ ਹੈ ਕਿ ਉਹ ਤਰਨਤਾਰਨ ਤੋਂ ਅਫ਼ੀਮ ਲਿਆ ਕੇ ਇਸ ਖੇਤਰ ਵਿੱਚ ਸਪਲਾਈ ਕਰਨ ਦਾ ਧੰਦਾ ਕਰਦੇ ਸਨ।
ਪੁਲੀਸ ਅਨੁਸਾਰ ਬਰਾਮਦ ਕੀਤਾ ਗਿਆ ਨਾਜਾਇਜ਼ ਰਿਵਾਲਵਰ ਇਹ ਨੌਜਵਾਨ ਉੱਤਰ ਪ੍ਰਦੇਸ਼ (UP) ਤੋਂ ਖ਼ਰੀਦ ਕੇ ਲਿਆਏ ਸਨ। ਅਹਿਮ ਗੱਲ ਇਹ ਹੈ ਕਿ ਇਨ੍ਹਾਂ ਨੌਜਵਾਨਾਂ ’ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਪੁਲੀਸ ਨੇ ਦੋਵਾਂ ਦੋਸ਼ੀਆਂ ਵਿਰੁੱਧ ਥਾਣਾ ਕੋਟ ਈਸੇ ਖਾਂ ਵਿਖੇ ਮਾਮਲਾ ਦਰਜ ਕਰ ਲਿਆ ਹੈ। ਅੱਜ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਪੁੱਛਗਿੱਛ ਕਰਨ ’ਤੇ ਨਸ਼ਾ ਤਸਕਰੀ ਦੇ ਇਸ ਨੈੱਟਵਰਕ ਨਾਲ ਜੁੜੇ ਹੋਰ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
