October 30, 2026
ਖਾਸ ਖ਼ਬਰਪੰਜਾਬਮਨੋਰੰਜਨਰਾਸ਼ਟਰੀ

ਅਦਾਲਤ ’ਚ ਕੰਗਨਾ ਖ਼ਿਲਾਫ਼ ਦੋਸ਼ ਆਇਦ

ਅਦਾਲਤ ’ਚ ਕੰਗਨਾ ਖ਼ਿਲਾਫ਼ ਦੋਸ਼ ਆਇਦ

ਬਠਿੰਡਾ-  ਹਿਮਾਚਲ ਪ੍ਰਦੇਸ਼ ਦੇ ਲੋਕ ਸਭਾ ਹਲਕਾ ਮੰਡੀ ਤੋਂ ਲੋਕ ਸਭਾ ਮੈਂਬਰ ਅਤੇ ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਦੀ ਅੱਜ ਇੱਥੇ ਅਦਾਲਤ ਵਿੱਚ ਪੇਸ਼ੀ ਸੀ। ਉਹ ਖੁਦ ਤਾਂ ਪੇਸ਼ ਨਹੀਂ ਹੋਏ ਪਰ ਉਨ੍ਹਾਂ ਦੇ ਵਕੀਲ ਨੇ ਹਾਜ਼ਰੀ ਭਰੀ। ਜਾਣਕਾਰੀ ਅਨੁਸਾਰ ਅਦਾਲਤ ਨੇ ਅੱਜ ਕੰਗਨਾ ਰਣੌਤ ਖ਼ਿਲਾਫ਼ ਚਾਰਜ ਫਰੇਮ ਕਰ ਦਿੱਤੇ ਹਨ। ਸੁਣਵਾਈ ਦੌਰਾਨ ਮੁਦੱਈ ਧਿਰ ਦੇ ਵਕੀਲ ਰਘਬੀਰ ਸਿੰਘ ਵੈਹਣੀਵਾਲ ਨੇ ਅਦਾਲਤ ’ਚ ਆਪਣੇ ਮੁਵੱਕਲ ਦਾ ਪੱਖ ਪੇਸ਼ ਕੀਤਾ। ਸ੍ਰੀ ਵੈਹਣੀਵਾਲ ਨੇ ਦੱਸਿਆ ਕਿ ਲੰਘੀ 27 ਅਕਤੂਬਰ ਨੂੰ ਨਿੱਜੀ ਪੇਸ਼ੀ ਤੋਂ ਬਾਅਦ ਕੰਗਨਾ ਦੇ ਵਕੀਲਾਂ ਨੇ ਅਗਲੀਆਂ ਸੁਣਵਾਈਆਂ ਮੌਕੇ ਵੀਡੀਓ ਕਾਨਫਰੰਸਿੰਗ (ਵੀਸੀ) ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ। ਅੱਜ ਵੀ ਕੰਗਨਾ ਦੇ ਵਕੀਲਾਂ ਨੇ ਸੁਰੱਖਿਆ ਦੇ ਲਿਹਾਜ਼ ਨਾਲ ਕੰਗਨਾ ਨੂੰ ਅਦਾਲਤੀ ਪੇਸ਼ੀ ਤੋਂ ਛੋਟ ਦੇਣ ਬਾਰੇ ਫਿਰ ਅਰਜ਼ੀ ਦਾਇਰ ਕੀਤੀ। ਅਰਜ਼ੀ ’ਚ ਏਅਰਪੋਰਟ ’ਤੇ ਕੰਗਨਾ ’ਤੇ ਹੋਏ ਹਮਲੇ ਅਤੇ ਕੁੱਝ ਐਫਆਈਆਰ ਨੂੰ ਹਵਾਲਾ ਬਣਾਇਆ ਗਿਆ।

ਦੱਸਿਆ ਗਿਆ ਕਿ ਹੁਣ ਕੰਗਨਾ ਦੇ ਵਕੀਲ 4 ਦਸੰਬਰ ਨੂੰ ਅਗਲੀ ਪੇਸ਼ੀ ਮੌਕੇ ਆਪਣਾ ਜਵਾਬ ਦਾਇਰ ਕਰਨਗੇ। ਪਿਛਲੀ ਸੁਣਵਾਈ ਸਮੇਂ ਕੰਗਨਾ ਰਣੌਤ ਨੇ ਮਹਿਲਾ ਕਿਸਾਨਾਂ ਬਾਰੇ ਟਵੀਟ ਕੀਤੇ ਆਪਣੇ ਟਵੀਟ ਲਈ ਅਦਾਲਤ ਵਿੱਚ ਮੁਆਫ਼ੀ ਮੰਗੀ ਸੀ। ਆਪਣੀ ਪੇਸ਼ੀ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਸੀ ਕਿ ‘ਇਹ ਇੱਕ ਗ਼ਲਤਫ਼ਹਿਮੀ ਸੀ। ਮੈਂ ਮਾਤਾ ਨੂੰ ਸੁਨੇਹਾ ਭੇਜਿਆ ਹੈ ਕਿ ਉਹ ਗ਼ਲਤਫ਼ਹਿਮੀ ਦਾ ਸ਼ਿਕਾਰ ਹੋਈ ਹੈ। ਇਹ ਮੇਰਾ ਇਰਾਦਾ ਨਹੀਂ ਸੀ।’

ਗੌਰਤਲਬ ਹੈ ਕਿ ਮਾਮਲਾ 2021 ਵਿੱਚ ਹੋਏ ਕਿਸਾਨਾਂ ਅੰਦੋਲਨ ਦਾ ਹੈ। ਉਦੋਂ ਕੰਗਨਾ ਰਣੌਤ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ 87 ਸਾਲਾ ਬਿਰਧ ਮਹਿਲਾ ਮਹਿੰਦਰ ਕੌਰ ਬਾਰੇ ਟਵੀਟ ਕਰਦਿਆਂ 100-100 ਰੁਪਏ ਲੈ ਕੇ ਧਰਨੇ ਵਿਚ ਸ਼ਾਮਿਲ ਹੋਣ ਵਾਲੀ ਔਰਤ ਦੱਸਿਆ ਸੀ। ਮਹਿੰਦਰ ਕੌਰ ਨੇ ਇਸ ਟਵੀਟ ਨੂੰ ਲੈ ਕੇ ਕੰਗਨਾ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਮਹਿੰਦਰ ਕੌਰ ਦੇ ਵਕੀਲ ਨੇ ਦੱਸਿਆ ਕਿ ਮਹਿੰਦਰ ਕੌਰ ਵਾਇਰਲ ਬੁਖਾਰ ਹੋਣ ਕਰਕੇ ਅੱਜ ਅਦਾਲਤ ’ਚ ਨਹੀਂ ਪਹੁੰਚੇ, ਪਰ ਉਨ੍ਹਾਂ ਦਾ ਪਤੀ ਲਾਭ ਸਿੰਘ ਹਾਜ਼ਰ ਸੀ। ਲਾਭ ਸਿੰਘ ਨੇ ਕੰਗਨਾ ਨੂੰ ਮੁਆਫ਼ੀ ਦੇਣ ਤੋਂ ਇਨਕਾਰੀ ਹੁੰਦਿਆਂ, ਕੇਸ ਨੂੰ ਤੋੜ ਸਿਰੇ ਚੜ੍ਹਾਉਣ ਤੱਕ ਦੀ ਗੱਲ ਆਖੀ।

Related posts

ਨਿਰਮਲਜੀਤ ਦੇ ਕਿਰਦਾਰ ਨੂੰ ਜੀਵੇਗਾ ਦਿਲਜੀਤ

Current Updates

ਦਿਲਜੀਤ ਦੋਸਾਂਝ ਸ਼ਾਹੀ ਪੰਜਾਬੀ ਵਿਰਾਸਤੀ ਪੋਸ਼ਾਕ Met Gala ਪੁੱਜਿਆ

Current Updates

ਪੰਜਾਬ ਦੀ ਭਾਈਚਾਰਕ ਸਾਂਝ ਲਈ ਦੋਵਾਂ ਧਿਰਾਂ ਦਾ ਇਕੱਠੇ ਹੋਣਾ ਜ਼ਰੂਰੀ: ਮਜੀਠੀਆ

Current Updates

Leave a Comment