December 27, 2025
ਖਾਸ ਖ਼ਬਰਪੰਜਾਬਰਾਸ਼ਟਰੀ

ਜ਼ਿਲ੍ਹਾ ਪਰਿਸ਼ਦ ਤੇ ਸਮਿਤੀ ਚੋਣਾਂ: ਦੁਪਹਿਰ ਦੋ ਵਜੇ ਤਕ 30.21 ਫੀਸਦ ਪੋਲਿੰਗ, ਮਹਿਲਕਲਾਂ ’ਚ ਵਿਵਾਦ, ਅੰਮ੍ਰਿਤਸਰ ਜ਼ਿਲ੍ਹੇ ਦੇ ਦੋ ਪਿੰਡਾਂ ’ਚ ਪੋਲਿੰਗ ਰੱਦ

ਜ਼ਿਲ੍ਹਾ ਪਰਿਸ਼ਦ ਤੇ ਸਮਿਤੀ ਚੋਣਾਂ: ਦੁਪਹਿਰ ਦੋ ਵਜੇ ਤਕ 30.21 ਫੀਸਦ ਪੋਲਿੰਗ, ਮਹਿਲਕਲਾਂ ’ਚ ਵਿਵਾਦ, ਅੰਮ੍ਰਿਤਸਰ ਜ਼ਿਲ੍ਹੇ ਦੇ ਦੋ ਪਿੰਡਾਂ ’ਚ ਪੋਲਿੰਗ ਰੱਦ

ਅੰਮ੍ਰਿਤਸਰ- ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਲਈ ਵੋਟਾਂ ਪੈਣੀਆਂ ਸਵੇਰੇ 8 ਸ਼ੁਰੂ ਹੋ ਗਈਆਂ ਹਨ ਅਤੇ ਵੋਟਿੰਗ ਸ਼ਾਮ 4 ਵਜੇ ਤੱਕ ਹੋਵੇਗੀ। ਦੁਪਹਿਰ 2 ਵਜੇ ਤੱਕ 30.21  ਫੀਸਦੀ ਪੋਲਿਗ ਦਰਜ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਧਰਮਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਸੰਗਰੂਰ ਨੇੜਲੇ ਪਿੰਡ ਮੰਗਵਾਲ ਦੇ ਪੋਲਿੰਗ ਬੂਥ ’ਤੇ ਪੁੱਜ ਕੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਲਈ ਵੋਟ ਪਾਈ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਲਈ ਵੋਟਾਂ ਪੈ ਰਹੀਆਂ ਹਨ ਅਤੇ ਪੇਂਡੂ ਖੇਤਰ ਦੇ ਲੋਕਾਂ ਨੂੰ ਵੱਧ ਤੋਂ ਵੱਧ ਪੋਲਿੰਗ ਬੂਥਾਂ ਤੇ ਪੁੱਜ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਵੱਡੀਆਂ ਕੁਰਬਾਨੀਆਂ ਨਾਲ ਇਹ ਅਧਿਕਾਰ ਸਾਨੂੰ ਮਿਲਿਆ ਹੈ।

ਇਸ ਦੌਰਾਨ ਹਲਕਾ ਮਹਿਲ ਕਲਾਂ ਦੇ ਪਿੰਡ ਰਾਏਸਰ ਪਟਿਆਲਾ ਵਿਖੇ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੌਰਾਨ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ। ਬਲਾਕ ਸਮਿਤੀ ਦੀ ਇਸ ਜੋਨ ਦੇ ਬੂਥ ਨੰਬਰ 20 ਉਪਰ ਬੈਲਟ ਪੇਪਰ ’ਤੇ ਅਕਾਲੀ ਦਲ ਦਾ ਚੋਣ ਨਿਸ਼ਾਨ ਨਾ ਹੋਣ ਕਾਰਨ ਰੌਲਾ ਪਿਆ ਹੈ। ਉਧਰ  ਬੈਲੇਟ ਪੇਪਰਾਂ ’ਚ ਪ੍ਰਿੰਟਿੰਗ ਦੀ ਗ਼ਲਤੀ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਖਾਸਾ ਤੇ ਖੁਰਮਾਣੀਆਂ ਪਿੰਡਾਂ ਵਿਚ ਪੋਲਿੰਗ ਰੱਦ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਖਾਸਾ ਪਿੰਡ ਵਿਚ ਬੈਲੇਟ ਪੇਪਰ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਨਾਮ ਸਹੀ ਛਪਿਆ ਸੀ ਪਰ ਚੋਣ ਨਿਸ਼ਾਨ ਗਲਤ ਸੀ।

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੀਆਂ ਪੈ ਰਹੀਆਂ ਵੋਟਾਂ ਦੌਰਾਨ ਖਾਸਾ ਬਲਾਕ ਸਮਿਤੀ ਦੇ ਚਾਰ ਬੂਥਾਂ ’ਤੇ ਚੋਣ ਰੱਦ ਕਰ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਖਾਸਾ ਬਲਾਕ ਸਮਿਤੀ ਦੇ ਖੇਤਰ ਵਿੱਚ ਚਾਰ ਬੂਥਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਚੋਣ ਨਿਸ਼ਾਨ ਠੀਕ ਨਹੀਂ ਸੀ, ਜਿਸ ਕਾਰਨ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਇੱਥੇ ਚੋਣ ਰੱਦ ਕਰ ਦਿੱਤੀ ਗਈ ਹੈ। ਜਦੋਂ ਕਿ ਜ਼ਿਲਾ ਪਰਿਸ਼ਦ ਲਈ ਚੋਣਾਂ ਨਿਰਵਿਘਨ ਜਾਰੀ ਹਨ। ਸਰਕਾਰੀ ਬੁਲਾਰੇ ਦੇ ਮੁਤਾਬਕ 11:30 ਵਜੇ ਤੱਕ ਜ਼ਿਲ੍ਹੇ ਵਿੱਚ ਸੱਤ ਫੀਸਦ ਵੋਟਾਂ ਪਈਆਂ ਸਨ।

ਇਸ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ ਨਾਲ ਸਬੰਧਤ ਪੰਜ ਪਿੰਡਾਂ ਵੱਲੋਂ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ। ਹਲਕਾ ਸ਼ੁਤਰਾਣਾ ਅਧੀਨ ਆਉਂਦੇ ਪਿੰਡ ਸਹਿਜਪੁਰ ਕਲਾਂ, ਖੁਰਦ, ਭੇਡਪੁਰੀ, ਕੋਟਲੀ, ਦੋਦੜਾ ਅਤੇ ਧਰਮਗੜ੍ਹ ਨੂੰ ਕੁਝ ਸਮਾਂ ਪਹਿਲਾਂ ਬਲਾਕ ਸਮਾਣਾ ਵਿੱਚੋਂ ਕੱਢ ਕੇ ਬਲਾਕ ਪਾਤੜਾਂ ਨਾਲ ਜੋੜਿਆ ਗਿਆ ਸੀ। ਇਸ ਦੇ ਵਿਰੋਧ ਵਿੱਚ ਉਕਤ ਪਿੰਡਾਂ ਨੇ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦਾ ਬਾਈਕਾਟ ਕੀਤਾ। ਉਧਰ ਪਿੰਡ ਧਰਮਗੜ੍ਹ ਛੰਨਾ ਨੇ ਵੀ ਪੋਲਿੰਗ ਵਾਲੇ ਦਿਨ ਗੁਰਦੁਆਰੇ ਤੋਂ ਮੁਨਿਆਦੀ ਕਰਕੇ ਪੋਲਿੰਗ ਦੇ ਬਾਈਕਾਟ ਦਾ ਐਲਾਨ ਕੀਤਾ।

ਜ਼ਿਲ੍ਹਾ ਮੋਗਾ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਚੋਣਾਂ ਮੌਕੇ ਡਿਊਟੀ ਜਾ ਰਹੇ ਇੱਕ ਅਧਿਆਪਕ ਜੋੜੇ ਦੀ ਕਾਰ ਨਹਿਰ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਧਿਆਪਕ ਜਸਕਰਨ ਸਿੰਘ ਵਾਸੀ ਪਿੰਡ ਧੂਰਕੋਟ ਰਣਸੀਹ, ਜ਼ਿਲ੍ਹਾ ਮੋਗਾ, ਆਪਣੀ ਪਤਨੀ ਕਰਮਜੀਤ ਕੌਰ ਨੂੰ ਕਾਰ ‘ਤੇ ਪਿੰਡ ਮਾੜੀ ਮੁਸਤਫਾ ਵਿਖੇ ਚੋਣ ਡਿਊਟੀ ਲਈ ਛੱਡਣ ਜਾ ਰਿਹਾ ਸੀ। ਰਸਤੇ ਵਿੱਚ ਉਨ੍ਹਾਂ ਦੀ ਕਾਰ ਨਾਲੇ ਵਿੱਚ ਡਿੱਗਣ ਦੌਰਾਨ ਪਲਟ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਵਿੱਚ 23 ਜ਼ਿਲ੍ਹਾ ਪਰਿਸ਼ਦਾਂ ਦੇ 347 ਜ਼ੋਨਾਂ ਅਤੇ 153 ਪੰਚਾਇਤ ਸਮਿਤੀਆਂ ਦੇ 2,838 ਜ਼ੋਨਾਂ ਲਈ ਵੋਟਿੰਗ ਲਈ 13,395 ਪੋਲਿੰਗ ਸਟੇਸ਼ਨਾਂ ’ਤੇ 18,718 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਸੂਬੇ ਦੇ 1,36,04,650 ਵੋਟਰ ਆਪਣੇ ਹੱਕ ਦੀ ਵਰਤੋਂ ਕਰਨਗੇ। 860 ਪੋਲਿੰਗ ਸਟੇਸ਼ਨ ਅਤਿ-ਸੰਵੇਦਨਸ਼ੀਲ ਅਤੇ 3,405 ਸੰਵੇਦਨਸ਼ੀਲ ਐਲਾਨੇ ਗਏ ਹਨ।

ਪੰਜਾਬ ਰਾਜ ਚੋਣ ਕਮਿਸ਼ਨ ਨੇ ਚੋਣ ਅਮਲ ਪਾਰਦਸ਼ੀ, ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ 44 ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹਨ।ਰਾਜ ਚੋਣ ਕਮਿਸ਼ਨ ਨੇ ਆਬਜ਼ਵਰ ਵੀ ਤਾਇਨਾਤ ਕੀਤੇ ਹਨ, ਜਿਨ੍ਹਾਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ। ਪੰਜਾਬ ਭਰ ਵਿੱਚ ਪੋਲਿੰਗ ਸਟੇਸ਼ਨਾਂ ’ਤੇ ਵੀਡੀਓਗ੍ਰਾਫ਼ੀ ਵੀ ਕਰਵਾਈ ਜਾ ਰਹੀ ਹੈ। ਜ਼ਿਲ੍ਹਾ ਪਰਿਸ਼ਦ ਦੇ 347 ਜ਼ੋਨਾਂ ਵਿੱਚ 1,249 ਉਮੀਦਵਾਰ ਮੈਦਾਨ ਵਿੱਚ ਹਨ ਅਤੇ 15 ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਕਰਾਰ ਦਿੱਤੇ ਗਏ ਹਨ। ਪੰਚਾਇਤ ਸਮਿਤੀ ਦੇ 2,838 ਜ਼ੋਨਾਂ ਵਿੱਚ 8,098 ਉਮੀਦਵਾਰ ਮੈਦਾਨ ਵਿੱਚ ਹਨ, ਜਦਕਿ 181 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਹਨ।

Related posts

ਬ੍ਰਜਰਾਜ ਉਤਸਵ: ਹੇਮਾ ਮਾਲਿਨੀ ਪੇਸ਼ ਕਰੇਗੀ ਨ੍ਰਿਤ ਨਾਟਕ

Current Updates

ਮੈਨੂੰ ‘ਪਾਗਲ’ ਕਹਿਣਾ ਚਾਹੁੰਣੇ ਹੋ ਤਾਂ ਜੀਅ ਸਦਕੇ ਕਹੋ ਕਿਉਂਕਿ ਮੇਰੇ ਉਤੇ ਲੋਕਾਂ ਦੀ ਮੁਹੱਬਤ ਦਾ ‘ਪਾਗਲਪਣ’ ਸਵਾਰ ਹੈ-ਮੁੱਖ ਮੰਤਰੀ

Current Updates

ਪਿਤਾ ਦੇ ਸਸਕਾਰ ਲਈ ਦੋ ਭਰਾਵਾਂ ਵਿਚਾਲੇ ਵਿਵਾਦ, ਅੱਧੀ ਲਾਸ਼ ਮੰਗੀ

Current Updates

Leave a Comment