December 1, 2025
ਖਾਸ ਖ਼ਬਰਚੰਡੀਗੜ੍ਹਪੰਜਾਬ

“ਚੰਡੀਗੜ੍ਹ ਬਚਾਉਣ ਲਈ ਭਾਜਪਾ ਖਿਲਾਫ਼ ਧਰਨਾ ਲਾਵੇ ਬੀਬਾ ਜੈਇੰਦਰ”

“ਚੰਡੀਗੜ੍ਹ ਬਚਾਉਣ ਲਈ ਭਾਜਪਾ ਖਿਲਾਫ਼ ਧਰਨਾ ਲਾਵੇ ਬੀਬਾ ਜੈਇੰਦਰ”

-ਚੇਅਰਮੈਨ ਤੇਜਿੰਦਰ ਮਹਿਤਾ ਵੱਲੋਂ 131ਵੀਂ ਸੰਵਿਧਾਨਕ ਸੋਧ ਦਾ ਤਿੱਖਾ ਵਿਰੋਧ, ਮਹਿਲ ਨੂੰ ਲਲਕਾਰਿਆ

ਪਟਿਆਲਾ। ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪ੍ਰਸਤਾਵਿਤ 131ਵੀਂ ਸੰਵਿਧਾਨਕ ਸੋਧ ਬਿਲ ਨੂੰ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਣ ਦੀ ਸਿੱਧੀ ਅਤੇ ਖ਼ਤਰਨਾਕ ਤਿਆਰੀ ਕਰਾਰ ਦਿੰਦੇ ਹੋਏ ਇਸ ਦੀ ਤਿੱਖੀ ਨਿੰਦਾ ਕੀਤੀ ਹੈ। ਆਪ ਆਗੂ ਨੇ ਮੋਤੀ ਮਹਿਲ ਤੇ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਮਹਿਲਾ ਮੋਰਚਾ ਦੀ ਪ੍ਰਦੇਸ਼ ਪ੍ਰਧਾਨ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਧੀ ਬੀਬਾ ਜੈਇੰਦਰ ਕੌਰ ਜੋ ਚੰਡੀਗੜ੍ਹ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਲਾ ਰਹੀ ਹੈ, ਉਹ ਹੁਣ ਆਪਣੇ ਪੰਜਾਬੀ ਹੋਣ ਦਾ ਸਬੂਤ ਦਿੰਦੇ ਹੋਏ ਚੰਡੀਗੜ ਬਚਾਉਣ ਲਈ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਧਰਨਾ ਲਾਵੇ।
ਸ੍ਰੀ ਮਹਿਤਾ ਨੇ ਕਿਹਾ ਕਿ ਮੋਤੀ ਮਹਿਲ ਹਮੇਸ਼ਾ ਸੱਤਾ ਵਿੱਚ ਰਹਿਣ ਦੇ ਜੁਗਾੜ ਲੱਗਿਆ ਰਹਿੰਦਾ ਹੈ। ਮਹਿਲ ਵਾਲਿਆਂ ਨੂੰ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਜਾਬ ਦੇ ਹੱਕਾਂ ਨਾਲ ਕੋਈ ਸਰੋਕਾਰ ਨਹੀਂ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਸੀ, ਹੈ ਅਤੇ ਰਹੇਗਾ। 131ਵੀਂ ਸੋਧ ਬਿਲ ਰਾਹੀਂ ਕਿਸੇ ਨੂੰ ਵੀ ਚੰਡੀਗੜ੍ਹ ਖੋਹਣ ਨਹੀਂ ਦਿੱਤਾ ਜਾਵੇਗਾ।
ਚੇਅਰਮੈਨ ਮਹਿਤਾ ਨੇ ਕਿਹਾ ਕਿ ਇਹ ਬਿਲ ਸਿਰਫ਼ ਪ੍ਰਸ਼ਾਸਨਿਕ ਸੋਧ ਨਹੀਂ, ਇਹ ਪੰਜਾਬ ਦੇ ਹੱਕਾਂ ਉੱਤੇ ਸਭ ਤੋਂ ਵੱਡਾ ਸੰਵਿਧਾਨਕ ਹਮਲਾ ਹੈ। ਭਾਜਪਾ ਸਰਕਾਰ ਚੰਡੀਗੜ੍ਹ ਨੂੰ ਕੇਂਦਰ ਦੇ ਪੂਰੇ ਕਬਜ਼ੇ ਹੇਠ ਲਿਆਉਣ ਲਈ ਰਸਤਾ ਸਾਫ਼ ਕਰ ਰਹੀ ਹੈ, ਜਿਸ ਨਾਲ ਪੰਜਾਬ ਦੇ ਇਤਿਹਾਸਕ ਅਤੇ ਕਾਨੂੰਨੀ ਦਾਅਵੇ ਨੂੰ ਕਮਜ਼ੋਰ ਕੀਤਾ ਜਾ ਸਕੇ। ਚੰਡੀਗੜ੍ਹ ਸਿਰਫ਼ ਇੱਕ ਸ਼ਹਿਰ ਨਹੀਂ, ਇਹ ਪੰਜਾਬ ਦੀ ਪਹਿਚਾਣ, ਪੰਜਾਬ ਦਾ ਅਧਿਕਾਰ, ਅਤੇ ਪੰਜਾਬ ਦੀ ਸੰਵਿਧਾਨਕ ਮਾਲਕੀ ਦਾ ਪ੍ਰਤੀਕ ਹੈ। 131ਵੀਂ ਸੋਧ ਬਿਲ ਦੇ ਰਾਹੀਂ ਕੇਂਦਰ ਨੇ ਖੁੱਲ੍ਹਾ ਐਲਾਨ ਕਰ ਦਿੱਤਾ ਹੈ ਕਿ ਉਹ ਚੰਡੀਗੜ੍ਹ ਨੂੰ ਪੰਜਾਬ ਤੋਂ ਪੂਰੀ ਤਰ੍ਹਾਂ ਕੱਟਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਜੇ ਇਹ ਬਿਲ ਪਾਸ ਹੁੰਦਾ ਹੈ ਤਾਂ ਕੇਂਦਰ ਚੰਡੀਗੜ੍ਹ ਦੇ ਪ੍ਰਸ਼ਾਸਨ, ਕਾਨੂੰਨ, ਸੇਵਾ ਢਾਂਚੇ ਅਤੇ ਨੀਤੀਗਤ ਫੈਸਲਿਆਂ ਨੂੰ ਆਪਣੇ ਹੱਥ ਵਿੱਚ ਲੈ ਲਵੇਗਾ, ਜਿਸ ਨਾਲ ਭਵਿੱਖ ਵਿੱਚ ਪੰਜਾਬ ਦਾ ਦਾਅਵਾ ਸੰਵਿਧਾਨਕ ਤੌਰ ‘ਤੇ ਲਗਭਗ ਖ਼ਤਮ ਹੋ ਸਕਦਾ ਹੈ। ਇਹ ਪੰਜਾਬ ਵਿਰੋਧੀ ਕਦਮ ਹੈ ਜੋ ਸੂਬੇ ਦੀ ਸਿਆਸੀ, ਪ੍ਰਸ਼ਾਸਨਿਕ ਅਤੇ ਇਤਿਹਾਸਕ ਪਹਿਚਾਣ ਨੂੰ ਕਮਜ਼ੋਰ ਕਰੇਗਾ।
ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਭਾਜਪਾ ਸਰਕਾਰ ਚੰਡੀਗੜ੍ਹ ਨੂੰ ਕਦਮ-ਦਰ-ਕਦਮ ਕੇਂਦਰ ਦੇ ਅਧੀਨ ਪੱਕੇ ਤੌਰ ‘ਤੇ ਲਿਆਉਣ ਦੀ ਸਾਜ਼ਿਸ਼ ਬਣਾ ਚੁੱਕੀ ਹੈ। ਕਦੇ ਕੇਂਦਰੀ ਸੇਵਾਵਾਂ ਲਾਗੂ ਕਰਕੇ, ਕਦੇ ਅਧਿਕਾਰੀਆਂ ਦੀ ਭਰਤੀ ਬਦਲ ਕੇ, ਕਦੇ ਪੰਜਾਬ ਯੂਨੀਵਰਸਿਟੀ ਦੀ ਸੀਨੇਟ ਭੰਗ ਕਰਕੇ ਅਤੇ ਹੁਣ ਸੰਵਿਧਾਨਕ ਸੋਧ ਰਾਹੀਂ ਇਹ ਸਾਜ਼ਿਸ਼ ਬੇਨਕਾਬ ਹੋਈ ਹੈ। ਇਹ ਪੰਜਾਬ ਵਿਰੋਧੀ ਮਨਸੂਬੇ ਹੈ ਕਿਸੇ ਵੀ ਕੀਮਤ ‘ਤੇ ਸਫਲ ਨਹੀਂ ਹੋਣ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਨਿਟ ਦਾ ਹਰ ਵਰਕਰ, ਹਰ ਆਗੂ ਅਤੇ ਹਰ ਸਾਥੀ ਇਸ ਨਾਜਾਇਜ਼ ਬਿਲ ਦੇ ਖ਼ਿਲਾਫ਼ ਮਜ਼ਬੂਤੀ ਨਾਲ ਖੜਾ ਰਹੇਗਾ ਅਤੇ ਪੰਜਾਬ ਦੇ ਹੱਕਾਂ ਲਈ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟੇਗਾ।

Related posts

 ਖੇਡ ਐਸੋਸੀਏਸ਼ਨਾਂ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਉਣ ਲਈ ਕਾਨੂੰਨੀ ਢਾਂਚਾ ਤਿਆਰ ਕਰਨ ਵਾਸਤੇ ਅਹਿਮ ਭੂਮਿਕਾ ਨਿਭਾਏਗਾ ਇਹ ਐਕਟ

Current Updates

ਬੀਸੀਸੀਆਈ ਵੱਲੋਂ ਸਹਾਇਕ ਕੋਚ ਅਭਿਸ਼ੇਕ ਨਾਇਰ ਦੀ ਛੁੱਟੀ

Current Updates

ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਸ਼ਹੀਦੀ ਸਮਾਗਮਾਂ ’ਚ ਹੋਏ ਸ਼ਾਮਲ ਸ਼ਾਮਲ

Current Updates

Leave a Comment