December 27, 2025
ਖਾਸ ਖ਼ਬਰਰਾਸ਼ਟਰੀ

ਅਡਾਨੀ ਦੀਆਂ ਕੰਪਨੀਆਂ ’ਚ ਨਿਵੇਸ਼ ਤੋਂ ਵਿਵਾਦ:ਐੱਲ ਆਈ ਸੀ ਨੇ ਖ਼ੁਦ ਪੈਸੇ ਲਗਾਉਣ ਦਾ ਕੀਤਾ ਦਾਅਵਾ

ਅਡਾਨੀ ਦੀਆਂ ਕੰਪਨੀਆਂ ’ਚ ਨਿਵੇਸ਼ ਤੋਂ ਵਿਵਾਦ:ਐੱਲ ਆਈ ਸੀ ਨੇ ਖ਼ੁਦ ਪੈਸੇ ਲਗਾਉਣ ਦਾ ਕੀਤਾ ਦਾਅਵਾ

ਨਵੀਂ ਦਿੱਲੀ- ਭਾਰਤੀ ਜੀਵਨ ਬੀਮਾ ਨਿਗਮ (ਐੱਲ ਆਈ ਸੀ) ਵੱਲੋਂ ਅਡਾਨੀ ਗਰੁੱਪ ਦੀਆਂ ਕੰਪਨੀਆਂ ’ਚ ਪੈਸਾ ਲਾਏ ਜਾਣ ਨਾਲ ਵਿਵਾਦ ਪੈਦਾ ਹੋ ਗਿਆ ਹੈ। ਅਮਰੀਕੀ ਅਖ਼ਬਾਰ ‘ਵਾਸ਼ਿੰਗਟਨ ਪੋਸਟ’ ਨੇ ਖ਼ੁਲਾਸਾ ਕੀਤਾ ਹੈ ਕਿ ਮਈ ’ਚ ਭਾਰਤੀ ਅਧਿਕਾਰੀਆਂ ਨੇ ਅਡਾਨੀ ਗਰੁੱਪ ਦੀਆਂ ਵੱਖ-ਵੱਖ ਕੰਪਨੀਆਂ ’ਚ ਕਰੀਬ 33 ਹਜ਼ਾਰ ਕਰੋੜ ਰੁਪਏ ਦੇ ਐੱਲ ਆਈ ਸੀ ਫੰਡ ਨਿਵੇਸ਼ ਕਰਨ ਦੀ ਤਜਵੀਜ਼ ਤਿਆਰ ਕੀਤੀ ਸੀ। ਰਿਪੋਰਟ ਮੁਤਾਬਿਕ ਅਡਾਨੀ ਪੋਰਟਸ ਐਂਡ ਐੱਸ ਈ ਜ਼ੈੱਡ ’ਚ 57 ਕਰੋੜ ਡਾਲਰ ਦਾ ਨਿਵੇਸ਼ ਕੀਤਾ ਗਿਆ। ਉਂਝ ਐੱਲ ਆਈ ਸੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪੂਰੀ ਪੜਤਾਲ ਮਗਰੋਂ ਅਡਾਨੀ ਗਰੁੱਪ ਦੀਆਂ ਕੰਪਨੀਆਂ ’ਚ ਨਿਵੇਸ਼ ਕੀਤਾ ਹੈ। ਉਧਰ, ਕਾਂਗਰਸ ਨੇ ਮੰਗ ਕੀਤੀ ਕਿ ਸੰਸਦ ਦੀ ਲੋਕ ਲੇਖਾ ਕਮੇਟੀ (ਪਬਲਿਕ ਅਕਾਊਂਟਸ ਕਮੇਟੀ) ਇਸ ਮਾਮਲੇ ਦੀ ਜਾਂਚ ਕਰੇ ਕਿਉਂਕਿ ਜਨਤਕ ਖੇਤਰ ਦੀ ਕੰਪਨੀ ਨੇ ਅਡਾਨੀ ਗਰੁੱਪ ਦੇ ਲਾਹੇ ਲਈ 30 ਕਰੋੜ ਪਾਲਿਸੀਧਾਰਕਾਂ ਦੀਆਂ ਬੱਚਤਾਂ ਦੀ ‘ਯੋਜਨਾਬੱਧ ਢੰਗ ਨਾਲ ਦੁਰਵਰਤੋਂ’ ਕੀਤੀ ਹੈ। ਐੱਲ ਆਈ ਸੀ ਨੇ ਦੋਸ਼ ਨਕਾਰਦਿਆਂ ਕਿਹਾ ਕਿ ਇਹ ਝੂਠੇ, ਆਧਾਰਹੀਣ ਅਤੇ ਸਚਾਈ ਤੋਂ ਕੋਹਾਂ ਦੂਰ ਹਨ। ਉਨ੍ਹਾਂ ‘ਐਕਸ’ ’ਤੇ ਇਕ ਬਿਆਨ ’ਚ ਕਿਹਾ, ‘‘ਕੇਂਦਰੀ ਵਿੱਤ ਮੰਤਰਾਲੇ ’ਚ ਵਿੱਤੀ ਸੇਵਾਵਾਂ ਵਿਭਾਗ ਜਾਂ ਕਿਸੇ ਹੋਰ ਅਦਾਰੇ ਦੀ ਅਜਿਹੇ ਨਿਵੇਸ਼ ਫ਼ੈਸਲਿਆਂ ’ਚ ਕੋਈ ਭੂਮਿਕਾ ਨਹੀਂ ਹੁੰਦੀ ਹੈ ਅਤੇ ਐੱਲ ਆਈ ਸੀ ਪੂਰੀ ਜਾਂਚ ਮਗਰੋਂ ਬੋਰਡ ਦੀ ਪ੍ਰਵਾਨਗੀ ਮਗਰੋਂ ਕੰਪਨੀਆਂ ’ਚ ਨਿਵੇਸ਼ ਦਾ ਫ਼ੈਸਲਾ ਲੈਂਦੀ ਹੈ।’’ ਭਾਰਤ ਦੀਆਂ ਸਿਖਰਲੀਆਂ 500 ਕੰਪਨੀਆਂ ’ਚ ਐੱਲ ਆਈ ਸੀ ਦੀ ਨਿਵੇਸ਼ ਕੀਮਤ 2014 ਤੋਂ 10 ਗੁਣਾ 1.56 ਲੱਖ ਕਰੋੜ ਰੁਪਏ ਤੋਂ ਵਧ ਕੇ 15.6 ਲੱਖ ਕਰੋੜ ਰੁਪਏ ਹੋ ਗਈ ਹੈ।

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਵਿੱਤ ਮੰਤਰਾਲੇ ਅਤੇ ਨੀਤੀ ਆਯੋਗ ਦੇ ਅਧਿਕਾਰੀਆਂ ਨੇ ਕਿਸ ਦੇ ਦਬਾਅ ਹੇਠ ਨਿੱਜੀ ਕੰਪਨੀ ਨੂੰ ਬਚਾਉਣ ਦਾ ਫ਼ੈਸਲਾ ਕੀਤਾ ਜਦਕਿ ਉਹ ਕੰਪਨੀ ਗੰਭੀਰ ਅਪਰਾਧਿਕ ਦੋਸ਼ਾਂ ਕਾਰਨ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਇਹ ‘ਮੋਬਾਈਲ ਫੋਨ ਬੈਂਕਿੰਗ’ ਦੀ ਸਟੀਕ ਮਿਸਾਲ ਹੈ। ਐੱਲ ਆਈ ਸੀ ਕੋਈ ਛੋਟੇ ਫੰਡ ਵਾਲੀ ਬੀਮਾ ਕੰਪਨੀ ਨਹੀਂ ਹੈ ਸਗੋਂ 41 ਲੱਖ ਕਰੋੜ ਰੁਪਏ (500 ਅਰਬ ਡਾਲਰ ਤੋਂ ਵਧ) ਦੀ ਸੰਪਤੀ ਨਾਲ ਭਾਰਤ ਦੀ ਸਭ ਤੋਂ ਵੱਡੀ ਸੰਸਥਾਗਤ ਨਿਵੇਸ਼ਕ ਹੈ। ਇਹ ਲਗਭਗ ਹਰ ਪ੍ਰਮੁੱਖ ਵਪਾਰਕ ਗਰੁੱਪ ਅਤੇ 351 ਜਨਤਕ ਤੌਰ ’ਤੇ ਸੂਚੀਬੱਧ ਸ਼ੇਅਰਾਂ ’ਚ ਨਿਵੇਸ਼ ਕਰਦੀ ਹੈ। ਐੱਲ ਆਈ ਸੀ ਕੋਲ ਸਰਕਾਰੀ ਬਾਂਡ ਅਤੇ ਕਾਰਪੋਰੇਟ ਕਰਜ਼ਾ ਵੀ ਹੈ। ਮੁਲਕ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਦੇ ਗਰੁੱਪ ’ਚ ਐੱਲ ਆਈ ਸੀ ਦਾ ਨਿਵੇਸ਼ ਗਰੁੱਪ ਦੇ ਕੁੱਲ ਕਰਜ਼ੇ ਦੇ 2 ਫ਼ੀਸਦ ਤੋਂ ਵੀ ਘੱਟ ਹੈ।

ਸਿੱਧੀ ਅਦਾਇਗੀ ਮੁਹਿੰਮ ਦੇ ਲਾਭਪਾਤਰੀ ਮੋਦੀ ਦੇ ਦੋਸਤ: ਐੱਲ ਆਈ ਸੀ ਵੱਲੋਂ ਅਡਾਨੀ ਗਰੁੱਪ ਦੀਆਂ ਕੰਪਨੀਆਂ ’ਚ ਨਿਵੇਸ਼ ਦੇ ਮਾਮਲੇ ’ਤੇ ਸਰਕਾਰ ਨੂੰ ਘੇਰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਸਰਕਾਰ ਦੀ ਸਿੱਧੀ ਅਦਾਇਗੀ ਮੁਹਿੰਮ ਦੇ ਅਸਲ ਲਾਭਪਾਤਰੀ ‘ਭਾਰਤ ਦੇ ਆਮ ਲੋਕ ਨਹੀਂ ਸਗੋਂ ਮੋਦੀ ਦੇ ਸਭ ਤੋਂ ਵਧੀਆ ਦੋਸਤ ਹਨ।’ ਖੜਗੇ ਨੇ ‘ਐਕਸ’ ’ਤੇ ਕਿਹਾ, ‘‘ਕੀ ਔਸਤ ਤਨਖਾਹਦਾਰ ਮੱਧ ਵਰਗ ਦਾ ਵਿਅਕਤੀ, ਜੋ ਆਪਣੇ ਐੱਲ ਆਈ ਸੀ ਪ੍ਰੀਮੀਅਮ ਦਾ ਇਕ-ਇਕ ਪੈਸਾ ਤਾਰਦਾ ਹੈ, ਇਹ ਵੀ ਜਾਣਦਾ ਹੈ ਕਿ ਮੋਦੀ ਬੱਚਤ ਦੀ ਵਰਤੋਂ ਅਡਾਨੀ ਨੂੰ ਬਚਾਉਣ ਲਈ ਕਰ ਰਹੇ ਹਨ? ਕੀ ਇਹ ਵਿਸ਼ਵਾਸਘਾਤ ਨਹੀਂ ਹੈ? ਕੀ ਇਹ ਲੁੱਟ ਨਹੀਂ ਹੈ?’’ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਡਾਨੀ ਦੇ ਸ਼ੇਅਰਾਂ ’ਚ 32 ਫ਼ੀਸਦ ਤੋਂ ਜ਼ਿਆਦਾ ਦੀ ਗਿਰਾਵਟ ਦੇ ਬਾਵਜੂਦ ਐੱਲ ਆਈ ਸੀ ਅਤੇ ਐੱਸ ਬੀ ਆਈ ਦੇ 525 ਕਰੋੜ ਰੁਪਏ ਅਡਾਨੀ ਐੱਫ ਪੀ ਓ ’ਚ ਕਿਉਂ ਲਗਾਏ ਗਏ ਸਨ।

Related posts

ਪੁਲੀਸ ਕਰਮੀਆਂ ’ਤੇ ਜਬਰ-ਜਨਾਹ ਦਾ ਦੋਸ਼ ਲਾਉਂਦਿਆਂ ਮਹਿਲਾ ਡਾਕਟਰ ਵੱਲੋਂ ਖੁਦਕੁਸ਼ੀ

Current Updates

ਜੰਮੂ ਕਸ਼ਮੀਰ ਦੇ ਗੰਦਰਬਲ ’ਚ ਆਈਟੀਬੀਪੀ ਜਵਾਨਾਂ ਨੂੰ ਲਿਜਾ ਰਹੀ ਬੱਸ ਸਿੰਧ ਦਰਿਆ ’ਚ ਡਿੱਗੀ

Current Updates

ਆਮਿਰ ਖਾਨ ਨੇ ਪੂਰੀ ਕੀਤੀ ਸਿਤਾਰੇ ਜ਼ਮੀਨ ਪਰ ਦੀ ਸ਼ੂਟਿੰਗ, ਫਿਲਮ ਨੂੰ ਸੁਪਰਹਿੱਟ ਬਣਾਉਣ ਲਈ ਅਜ਼ਮਾਉਣਗੇ ਇਹ ਫਾਰਮੂਲਾ

Current Updates

Leave a Comment