December 27, 2025
ਖਾਸ ਖ਼ਬਰਰਾਸ਼ਟਰੀ

‘The Ba***ds of Bollywood’: ਸਮੀਰ ਵਾਨਖੇੜੇ ਨੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ

‘The Ba***ds of Bollywood’: ਸਮੀਰ ਵਾਨਖੇੜੇ ਨੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ

ਨਵੀਂ ਦਿੱਲੀ- ਆਈਆਰਐੱਸ ਅਧਿਕਾਰੀ ਅਤੇ ਸਾਬਕਾ ਐੱਨਸੀਬੀ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਅੱਜ ਦਿੱਲੀ ਹਾਈ ਕੋਰਟ ਵਿੱਚ ਅਦਾਕਾਰ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਦੀ ਮਾਲਕੀ ਵਾਲੇ ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਨੈੱਟਫਲਿਕਸ ਖ਼ਿਲਾਫ਼ ਵੈੱਬ ਸੀਰੀਜ਼ ‘The Ba***ds of Bollywood’ ਵਿੱਚ ਉਨ੍ਹਾਂ ਦੇ ਅਕਸ ਨੂੰ ਕਥਿਤ ਤੌਰ ’ਤੇ ਢਾਹ ਲਾਉਣ ਦੇ ਦੋਸ਼ ਹੇਠ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ।

ਵਾਨਖੇੜੇ ਦੀ ਪਟੀਸ਼ਨ ਵਿੱਚ ਰੈੱਡ ਚਿਲੀਜ਼ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ, ਨੈੱਟਫਲਿਕਸ ਅਤੇ ਹੋਰਾਂ ਖ਼ਿਲਾਫ਼ ਸਥਾਈ ਅਤੇ ਲਾਜ਼ਮੀ ਹੁਕਮ, ਘੋਸ਼ਣਾ ਅਤੇ ਹਰਜਾਨੇ ਦੀ ਮੰਗ ਕੀਤੀ ਗਈ ਹੈ। ਉਸ ਨੇ ਦੋਸ਼ ਲਗਾਇਆ ਹੈ ਕਿ ਇਹ ਪ੍ਰੋਡਕਸ਼ਨ ਹਾਊਸ ਦਾ ‘ਝੂਠਾ, ਦੁਰਭਾਵਨਾਪੂਰਨ ਅਤੇ ਅਪਮਾਨਜਨਕ ਵੀਡੀਓ’ ਹੈ ਅਤੇ ਨੈੱਟਫਲਿਕਸ ਦੁਆਰਾ ਇਸ ਨੂੰ ਟੈਲੀਵਿਜ਼ਨ ਸੀਰੀਜ਼ ਦੇ ਹਿੱਸੇ ਵਜੋਂ ਪ੍ਰਸਾਰਿਤ ਕੀਤਾ ਗਿਆ ਹੈ। ਵਾਨਖੇੜੇ ਨੇ ਦੋ ਕਰੋੜ ਰੁਪਏ ਦੇ ਹਰਜਾਨੇ ਦੀ ਮੰਗ ਕੀਤੀ, ਜੋ ਉਹ ਕੈਂਸਰ ਦੇ ਮਰੀਜ਼ਾਂ ਲਈ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਨੂੰ ਦਾਨ ਕਰਨਾ ਚਾਹੁੰਦੇ ਹਨ।

ਵਾਨਖੇੜੇ ਦੀ ਨੁਮਾਇੰਦਗੀ ਕਰ ਰਹੇ ਵਕੀਲਾਂ ਵਿੱਚੋਂ ਇੱਕ ਵਕੀਲ ਆਦਿਤਿਆ ਗਿਰੀ ਨੇ ਦਾਅਵਾ ਕੀਤਾ, ‘‘ਇਹ ਵੈੱਬ ਸੀਰੀਜ਼ ਨਸ਼ਾ ਵਿਰੋਧੀ ਏਜੰਸੀਆਂ ਦੇ ਗੁੰਮਰਾਹਕੁਨ ਅਤੇ ਨਕਾਰਾਤਮਕ ਚਿੱਤਰਣ ਦਾ ਪ੍ਰਸਾਰ ਕਰਦੀ ਹੈ, ਜਿਸ ਨਾਲ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਵਿੱਚ ਲੋਕਾਂ ਦਾ ਵਿਸ਼ਵਾਸ ਘੱਟ ਜਾਂਦਾ ਹੈ।’’

ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸੀਰੀਜ਼ ਨੂੰ ਜਾਣ-ਬੁੱਝ ਕੇ ਵਾਨਖੇੜੇ ਦੇ ਅਕਸ ਨੂੰ ਰੰਗੀਨ ਅਤੇ ਪੱਖਪਾਤੀ ਢੰਗ ਨਾਲ ਖਰਾਬ ਕਰਨ ਦੇ ਇਰਾਦੇ ਨਾਲ ਪ੍ਰਸਾਰਿਤ ਕੀਤਾ ਗਿਆ ਹੈ, ਖਾਸ ਕਰਕੇ ਜਦੋਂ ਅਧਿਕਾਰੀ ਅਤੇ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨਾਲ ਸਬੰਧਤ ਮਾਮਲਾ ਬੰਬੇ ਹਾਈ ਕੋਰਟ ਅਤੇ ਮੁੰਬਈ ਵਿੱਚ ਐੱਨਡੀਪੀਐੱਸ ਵਿਸ਼ੇਸ਼ ਅਦਾਲਤ ਦੇ ਸਾਹਮਣੇ ਵਿਚਾਰ ਅਧੀਨ ਹੈ ਅਤੇ ਅਦਾਲਤ ਵਿੱਚ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੀਰੀਜ਼ ਵਿੱਚ ਇੱਕ ਪਾਤਰ ਨੂੰ ਅਸ਼ਲੀਲ ਇਸ਼ਾਰਾ ਕਰਦਿਆਂ ਦਰਸਾਇਆ ਗਿਆ ਹੈ, ਖਾਸ ਤੌਰ ’ਤੇ, ਪਾਤਰ ਦੁਆਰਾ ‘ਸੱਤਿਆਮੇਵ ਜਯਤੇ’ ਦਾ ਨਾਅਰਾ ਲਾਉਣ ਤੋਂ ਬਾਅਦ ਵਿਚਕਾਰਲੀ ਉਂਗਲ ਦਿਖਾਉਂਦੇ ਹੋਏ, ਜੋ ਕਿ ਕੌਮੀ ਚਿੰਨ੍ਹ ਦਾ ਹਿੱਸਾ ਹੈ।

ਪਟੀਸ਼ਨ ਵਿੱਚ ਕਿਹਾ ਗਿਆ ਕਿ ਇਹ ਕਾਰਵਾਈ ਕੌਮੀ ਸਨਮਾਨ ਦੇ ਅਪਮਾਨ ਰੋਕਥਾਮ ਐਕਟ, 1971 ਦੇ ਉਪਬੰਧਾਂ ਦੀ ਇੱਕ ਗੰਭੀਰ ਅਤੇ ਸੰਵੇਦਨਸ਼ੀਲ ਉਲੰਘਣਾ ਹੈ, ਜੋ ਕਾਨੂੰਨ ਤਹਿਤ ਸਜ਼ਾਯੋਗ ਅਪਰਾਧ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸੀਰੀਜ਼ ਦੀ ਸਮੱਗਰੀ ਸੂਚਨਾ ਤਕਨਾਲੋਜੀ ਐਕਟ ਅਤੇ ਭਾਰਤੀ ਨਿਆਏ ਸੰਹਿਤਾ (BNS) ਦੇ ਵੱਖ-ਵੱਖ ਪ੍ਰਬੰਧਾਂ ਦੀ ਉਲੰਘਣਾ ਹੈ ਕਿਉਂਕਿ ਇਹ ਅਸ਼ਲੀਲ ਅਤੇ ਅਪਮਾਨਜਨਕ ਸਮੱਗਰੀ ਦੀ ਵਰਤੋਂ ਰਾਹੀਂ ਰਾਸ਼ਟਰੀ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦੀ ਹੈ।

Related posts

ਨਿਊਯਾਰਕ ਜਾ ਰਹੀ ਏਅਰ ਇੰਡੀਆ ਦੀ ਉਡਾਣ ਧਮਕੀ ਮਗਰੋਂ ਮੁੰਬਈ ਮੁੜੀ

Current Updates

ਆਰਜੀ ਕਰ ਹਾਦਸੇ ਦੀ ਪੀੜਤਾ ਨੂੰ ਮਮਤਾ ਨੇ ਦੱਸਿਆ ਆਪਣੀ ‘ਭੈਣ’, ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੀ ਕੀਤੀ ਮੰਗ

Current Updates

ਰਾਹੁਲ ਗਾਂਧੀ ਦੇ ਮਹਾਰਾਸ਼ਟਰ ਚੋਣ ਧਾਂਦਲੀ ਦੇ ਦੋਸ਼ਾਂ ਨੂੰ ECI ਨੇ ‘ਬੇਬੁਨਿਆਦ’ ਦੱਸਿਆ

Current Updates

Leave a Comment