ਚੰਡੀਗੜ੍ਹ- ਹਿਮਾਚਲ ਵਿੱਚ ਹੋ ਰਹੀ ਭਾਰੀ ਬਾਰਿਸ਼ ਤੇ ਮਾਨਸੂਨ ਦੀ ਦਸਤਕ ਨਾਲ ਡੈਮਾਂ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਪੂਰੇ ਖੇਤਰ ਵਿੱਚ ਹੜ੍ਹਾਂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਪਰ ਦੂਜੇ ਪਾਸੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਸਾਲਾਨਾ ਮਾਨਸੂਨ ਮਾਈਨਿੰਗ ਪਾਬੰਦੀ ਨੂੰ ਲਾਗੂ ਕਰਨ ਵਿੱਚ ਅਸਫਲ ਸਾਬਿਤ ਹੋਈ ਹੈ। ਭਾਜਪਾ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਭਗਵੰਤ ਮਾਨ ਸਰਕਾਰ ਦੀ ਇਸ ਲਾਪਰਵਾਹੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਬੱਲੀਏਵਾਲ ਨੇ ਕਿਹਾ ਕਿ ਭਾਰੀ ਬਾਰਿਸ਼ ਕਾਰਨ ਦਰਿਆਵਾਂ ਦਾ ਪੱਧਰ ਵਧ ਗਿਆ ਹੈ ਅਤੇ ਡੈਮ ਤੇਜ਼ੀ ਨਾਲ ਭਰਨ ਅਤੇ ਦਰਿਆਵਾਂ ਵਿੱਚ ਹੜ੍ਹ ਆਉਣ ਕਾਰਨ, ਪੰਜਾਬ ਵਿੱਚ ਹੇਠਲੇ ਖੇਤਰ ਗੰਭੀਰ ਖ਼ਤਰੇ ਵਿੱਚ ਹਨ – ਫਿਰ ਵੀ ਰਾਜ ਸਰਕਾਰ ਸੁੱਤੀ ਪਈ ਜਾਪਦੀ ਹੈ। ਬੱਲੀਏਵਾਲ ਨੇ ਦੱਸਿਆ ਕਿ ਹਰ ਸਾਲ, 1 ਜੁਲਾਈ ਤੋਂ 30 ਸਤੰਬਰ ਤੱਕ ਦਰਿਆਵਾਂ ਦੇ ਤਲ ਵਿੱਚ ਅਤੇ ਆਲੇ ਦੁਆਲੇ ਮਾਈਨਿੰਗ ‘ਤੇ ਅਧਿਕਾਰਤ ਤੌਰ ‘ਤੇ ਪਾਬੰਦੀ ਲਗਾਈ ਜਾਂਦੀ ਹੈ ਤਾਂ ਦਰਿਆਵਾਂ ਦੇ ਕੰਢਿਆਂ ਦੀ ਰੱਖਿਆ, ਰਿਪੇਅਰ ਕੀਤੀ ਜਾ ਸਕੇ ਪਰ ਹੈਰਾਨੀ ਦੀ ਗੱਲ ਹੈ ਕਿ ‘ਆਪ’ ਸਰਕਾਰ ਇਸ ਸਾਲ ਇਸ ਮਹੱਤਵਪੂਰਨ ਕੰਮ ਨੂੰ ਪੂਰਾ ਕਰਨ ਵਿੱਚ ਅਸਫ਼ਲ ਸਾਬਿਤ ਹੋ ਚੁੱਕੀ ਹੈ, ਜਿਸ ਕਰਕੇ ਕਈ ਜ਼ਿਲ੍ਹਿਆਂ ਵਿੱਚ ਰੇਤ ਅਤੇ ਬੱਜਰੀ ਦੀ ਖੁਦਾਈ ਬਿਨਾਂ ਕਿਸੇ ਰੋਕ-ਟੋਕ ਦੇ ਜਾਰੀ ਹੈ । ਉਨ੍ਹਾਂ ਨੇ ਕਿਹਾ ਕਿ “ਇਹ ਉਹ ਸਮਾਂ ਹੈ ਜਦੋਂ ਸੂਬੇ ਨੂੰ ਹੜ੍ਹਾਂ ਤੋਂ ਬਚਾਅ ਲਈ ਆਪਣੇ ਪ੍ਰਬੰਧ ਮਜ਼ਬੂਤ ਕਰਨੇ ਚਾਹੀਦੇ ਹਨ, ਪਰ ਇਸ ਦੇ ਬਾਵਜੂਦ ਸਰਕਾਰ ਨੇ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਕਿਸਮਤ ‘ਤੇ ਛੱਡ ਦਿੱਤਾ ਹੈ।
ਅਜਿਹੀ ਲਾਪਰਵਾਹੀ ਤੇ ਗੰਭੀਰ ਸਵਾਲ ਉਠਾਉਂਦੇ ਹੋਏ, ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਪੁੱਛਿਆ ਕਿ ਕੀ ਸਰਕਾਰੀ ਮਸ਼ੀਨਰੀ ਰੇਤ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਜਾਂ ਕੀ ਆਮ ਆਦਮੀ ਪਾਰਟੀ ਇੰਨੀ ਹੰਕਾਰੀ ਹੋ ਗਈ ਹੈ ਕਿ ਉਹ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਜੂਆ ਖੇਡਣ ਲਈ ਤਿਆਰ ਹੈ।
ਉਨ੍ਹਾਂ ਨੇ ਮਾਨਸੂਨ ਦੇ ਮੌਸਮ ਦੌਰਾਨ ਸਾਰੀਆਂ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਨੂੰ ਤੁਰੰਤ ਰੋਕਣ, ਬੰਨ੍ਹਾਂ ਦੀ ਤੁਰੰਤ ਮੁਰੰਮਤ ਕਰਨ ਅਤੇ ਆਫ਼ਤ ਪ੍ਰਬੰਧਨ, ਮਾਈਨਿੰਗ ਅਤੇ ਜਲ ਸਰੋਤਾਂ ਲਈ ਜ਼ਿੰਮੇਵਾਰ ਵਿਭਾਗਾਂ ਅਤੇ ਮੰਤਰੀਆਂ ਤੋਂ ਪੂਰੀ ਜਵਾਬਦੇਹੀ ਦੀ ਮੰਗ ਕੀਤੀ। “ਸਰਕਾਰ ਦੀ ਨਾਕਾਮੀ ਸਿਰਫ਼ ਲਾਪਰਵਾਹੀ ਹੀ ਨਹੀਂ ਹੈ – ਇਹ ਖ਼ਤਰਨਾਕ ਹੈ। ਜੇ ਇਹੀ ਹਾਲਾਤ ਰਹੇ ਤਾਂ ਪ੍ਰਸ਼ਾਸਕੀ ਅਸਫਲਤਾ ਦੀ ਕੀਮਤ ਪੰਜਾਬ ਦੇ ਲੋਕਾਂ ਨੂੰ ਚੁਕਾਉਣੀ ਪਵੇਗੀ ਤੇ ਮੁੱਖ ਮੰਤਰੀ ਸ਼ਾਇਦ ਫਿਰ ਤੋਂ ਆਮ ਲੋਕਾਂ ਨੂੰ ਮੁਆਵਜ਼ਿਆਂ ਦੇ ਝੂਠੇ ਦਿਲਾਸੇ ਦਿੰਦੇ ਹੀ ਨਜ਼ਰ ਆਉਣਗੇ।