ਜੈਪੁਰ- ਰਾਜਸਥਾਨ ਦੇ ਬੇਵਰ ਜ਼ਿਲ੍ਹੇ ਵਿਚ ਇਕ ਕੈਮੀਕਲ ਫੈਕਟਰੀ ਵਿਚ ਖੜ੍ਹੇ ਟੈਂਕਰ ਤੋਂ ਨਾਈਟ੍ਰੋਜਨ ਗੈਸ ਲੀਕ ਹੋਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਬਿਮਾਰ ਹੋ ਗਏ। ਪੁਲੀਸ ਸੁਪਰਡੈਂਟ ਸ਼ਿਆਮ ਸਿੰਘ ਨੇ ਕਿਹਾ ਕਿ ਸੋਮਵਾਰ ਦੇਰ ਰਾਤ ਬਾਡੀਆ ਖੇਤਰ ਵਿਚ ਇਕ ਫੈਕਟਰੀ ’ਚ ਗੈਸ ਲੀਕ ਹੋਣ ਕਾਰਨ ਆਸ ਪਾਸ ਦੇ ਕਈ ਲੋਕ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਫੈਕਟਰੀ ਮਾਲਕ ਸੁਨੀਲ ਸਿੰਘਲ (47) ਦੀ ਸੋਮਵਾਰ ਰਾਤ ਨੂੰ ਮੌਤ ਹੋ ਗਈ, ਜਦੋਂ ਕਿ ਦਯਾਰਾਮ (52) ਅਤੇ ਨਰਿੰਦਰ ਸੋਲੰਕੀ ਦੀ ਮੰਗਲਵਾਰ ਨੂੰ ਮੌਤ ਹੋ ਗਈ। ਇਕ ਹੋਰ ਅਧਿਕਾਰੀ ਦੇ ਅਨੁਸਾਰ ਇਲਾਕੇ ਦੇ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼, ਛਾਤੀ ਵਿੱਚ ਭਾਰੀਪਨ ਅਤੇ ਉਲਟੀਆਂ ਦੀ ਸ਼ਿਕਾਇਤ ਤੋਂ ਬਾਅਦ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੋ ਵਿਅਕਤੀ ਜਿਨ੍ਹਾਂ ਦੀ ਹਾਲਤ ਗੰਭੀਰ ਹੈ, ਅਜਮੇਰ ਦੇ ਜੇਐੱਲਐੱਨ ਹਸਪਤਾਲ ਵਿੱਚ ਇਲਾਜ ਅਧੀਨ ਹਨ। ਅਧਿਕਾਰੀ ਨੇ ਕਿਹਾ ਕਿ ਫੈਕਟਰੀ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਲੋਕਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।