ਨਵੀਂ ਦਿੱਲੀ-ਕਾਂਗਰਸ ਨੇ ਅੱਜ ਵੱਖ ਵੱਖ ਜੀਐੱਸਟੀ ਦਰਾਂ ਲਾਗੂ ਕਰਨ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਤਨਜ਼ ਕਸਦਿਆਂ ਕਿਹਾ ਕਿ ਪੌਪਕੌਰਨ ਤੋਂ ਬਾਅਦ ਹੁਣ ਡੋਨਟ ’ਤੇ ਜੀਐੱਸਟੀ ਦਾ ਅਸਰ ਪੈਣ ਦੀ ਵਾਰੀ ਹੈ।
ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ ਮਾਮਲਿਆਂ ਦੇ ਇੰਚਾਰਜ) ਜੈਰਾਮ ਰਮੇਸ਼ ਨੇ ਐਕਸ ’ਤੇ ਇੱਕ ਮੀਡੀਆ ਰਿਪੋਰਟ ਦਾ ਹਵਾਲਾ ਦਿੱਤਾ ਜਿਸ ਅਨੁਸਾਰ ਸਿੰਗਾਪੁਰ ਸਥਿਤ ਚੇਨ ‘ਮੈਡ ਓਵਰ ਡੋਨਟਸ’ ਨੂੰ ਆਪਣੇ ਕਾਰੋਬਾਰ ਨੂੰ ਕਥਿਤ ਤੌਰ ’ਤੇ ਗਲਤ ਢੰਗ ਨਾਲ ਸ਼੍ਰੇਣੀਬੱਧ ਕਰਨ ਅਤੇ 5 ਫੀਸਦ ਜੀਐੱਸਟੀ ਦਾ ਭੁਗਤਾਨ ਕਰਨ ਲਈ 100 ਕਰੋੜ ਰੁਪਏ ਦੇ ਨੋਟਿਸ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਰੇਸਤਰਾਂ ਦੀ ਸੇਵਾ ਹੈ ਜਦਕਿ ਬੇਕਰੀ ਉਤਪਾਦਾਂ ’ਤੇ 18 ਫੀਸਦ ਜੀਐੱਸਟੀ ਦਾ ਭੁਗਤਾਨ ਕੀਤਾ ਜਾਂਦਾ ਹੈ। ਰਮੇਸ਼ ਨੇ ਕਿਹਾ, ‘ਪੌਪਕੌਰਨ ਤੋਂ ਬਾਅਦ ਹੁਣ ਡੋਨਟ ’ਤੇ ਜੀਐੱਸਟੀ ਦਾ ਅਸਰ ਪੈਣ ਦੀ ਵਾਰੀ ਹੈ।’ ਉਨ੍ਹਾਂ ਕਿਹਾ ਕਿ ਇਹ ਮਾਮਲਾ ਹੁਣ ਬੰਬੇ ਹਾਈ ਕੋਰਟ ਪਹੁੰਚ ਚੁੱਕਾ ਹੈ। ਉਨ੍ਹਾਂ ‘ਕਾਰੋਬਾਰ ’ਚ ਸੌਖ’ ਲਈ ਕਾਫੀ ਕੁਝ ਆਖਦਿਆਂ ਕਿਹਾ, ‘ਇਸ ਲਈ ਜੀਐੱਸਟੀ 2.0 ਇੰਨਾ ਜ਼ਰੂਰੀ ਹੈ।’ ਪਿਛਲੇ ਸਾਲ ਦਸੰਬਰ ’ਚ ਕਾਂਗਰਸ ਨੇ ਕਿਹਾ ਸੀ ਕਿ ਜੀਐੱਸਟੀ ਤਹਿਤ ਪੌਪਕੌਰਨ ਲਈ ਤਿੰਨ ਵੱਖ ਵੱਖ ਟੈਕਸ ਸਲੈਬਾਂ ਦੀ ‘ਬੇਤੁਕੀ ਗੱਲ’ ਸਿਰਫ਼ ਕਾਰੋਬਾਰ ਕਰਨ ਦੀ ਪ੍ਰਣਾਲੀ ਦੀ ਵਧਦੀ ਔਖ ਨੂੰ ਸਾਹਮਣੇ ਲਿਆਉਂਦੀ ਹੈ। ਕਾਂਗਰਸ ਨੇ ਸਵਾਲ ਕੀਤਾ ਸੀ ਕਿ ਕੀ ਮੋਦੀ ਸਰਕਾਰ ਜੀਐੱਸਟੀ 2.0 ਲਾਗੂ ਕਰਨ ਲਈ ਮੁਕੰਮਲ ਤਬਦੀਲੀ ਕਰਨ ਦਾ ਹੌਸਲਾ ਦਿਖਾਏਗੀ।