ਲੁਧਿਆਣਾ- ਲੁਧਿਆਣਾ ਦੇ ਈਸਾ ਨਗਰੀ ਚੌਂਕ ਵਿੱਚ ਵੀਰਵਾਰ ਸਵੇਰੇ ਇੱਕ ਤੇਜ਼ ਰਫ਼ਤਾਰ ਵਰਨਾ ਕਾਰ ਨੇ ਪਿੱਛੇ ਤੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇੱਕ ਸਬਜ਼ੀ ਵੇਚਣ ਵਾਲੇ ਦੀ ਮੌਤ ਹੋ ਗਈ। ਕਾਰ ਦੀ ਟੱਕਰ ਲੱਗਣ ਨਾਲ ਦੋ ਹੋਰ ਵਿਅਕਤੀ ਵੀ ਜ਼ਖ਼ਮੀ ਹੋ ਗਏ।ਕਾਰ ਨੇ ਸਬਜ਼ੀ ਵਿਕਰੇਤਾ ਸਮੇਤ ਪੰਜ ਲੋਕਾਂ ਨੂੰ ਟੱਕਰ ਮਾਰੀ। ਕਾਰ ਚਾਲਕ ਰੁਕਣ ਦੀ ਥਾਂ ਸਬਜ਼ੀ ਵੇਚਣ ਵਾਲੇ ਨੂੰ ਕਾਫੀ ਦੂਰ ਤੱਕ ਧੂਹ ਕੇ ਲੈ ਗਿਆ। ਮ੍ਰਿਤਕ ਦੀ ਪਛਾਣ ਸਸਰਾਲੀ ਕਾਲੋਨੀ ਦੇ ਰਹਿਣ ਵਾਲੇ ਜਗਤਾਰ ਸਿੰਘ ਗੋਸ਼ਾ ਵਜੋਂ ਹੋਈ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਸੜਕ ’ਤੇ ਜਾ ਡਿੱਗਿਆ, ਜਿਸ ਤੋਂ ਬਾਅਦ ਕਾਰ ਉਸ ਦੇ ਉੱਪਰੋਂ ਲੰਘ ਗਈ, ਜਿਸ ਨਾਲ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਸਾਰੀ ਘਟਨਾ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ।
ਜਾਣਕਾਰੀ ਅਨੁਸਾਰ ਜਗਤਾਰ ਗੋਸ਼ਾ ਅਕਸਰ ਸ਼ਹਿਰ ਦੇ ਬਾਹਰਵਾਰ ਪਿੰਡਾਂ ਤੋਂ ਸਬਜ਼ੀਆਂ ਖਾਸ ਕਰਕੇ ‘ਸਾਗ’ ਲਿਆ ਕੇ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਵੇਚਦਾ ਸੀ। ਹਾਦਸੇ ਦੇ ਸਮੇਂ ਉਹ ਆਪਣੇ ਮੋਟਰਸਾਈਕਲ ‘ਤੇ ਕਿਦਵਈ ਨਗਰ, ਇਸਲਾਮ ਗੰਜ ਅਤੇ ਈਸਾ ਨਗਰੀ ਇਲਾਕਿਆਂ ‘ਚ ਸਬਜ਼ੀ ਵੇਚਣ ਜਾ ਰਿਹਾ ਸੀ।ਜਿਵੇਂ ਹੀ ਉਹ ਈਸਾ ਨਗਰੀ ਪਹੁੰਚਿਆ ਤਾਂ ਪਿੱਛੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਉਹ ਸੜਕ ‘ਤੇ ਡਿੱਗ ਪਿਆ ਅਤੇ ਕਾਰ ਹੇਠਾਂ ਕੁਚਲਿਆ ਗਿਆ।
ਇਲਾਕਾ ਨਿਵਾਸੀ ਰਮੇਸ਼ ਬੰਗੜ ਨੇ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਨਾਲ ਜਾਂਚਕਰਤਾਵਾਂ ਨੂੰ ਘਟਨਾਕ੍ਰਮ ਨੂੰ ਸਮਝਣ ਅਤੇ ਹਾਦਸੇ ਵਿੱਚ ਸ਼ਾਮਲ ਕਾਰ ਦੀ ਪਛਾਣ ਕਰਨ ਵਿੱਚ ਮਦਦ ਮਿਲਣ ਦੀ ਸੰਭਾਵਨਾ ਹੈ।
