November 3, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਚੇਤਨ ਜੌੜਾਮਾਜਰਾ ਦਾ ਅਸਤੀਫ਼ਾ ਮਨਜ਼ੂਰ ਕਰਨ ਮਗਰੋਂ ਹਲਕਾ ਸਮਾਣਾ ਦੀ ਸੀਟ ਖ਼ਾਲੀ ਐਲਾਨੀ

ਚੇਤਨ ਜੌੜਾਮਾਜਰਾ ਦਾ ਅਸਤੀਫ਼ਾ ਮਨਜ਼ੂਰ ਕਰਨ ਮਗਰੋਂ ਹਲਕਾ ਸਮਾਣਾ ਦੀ ਸੀਟ ਖ਼ਾਲੀ ਐਲਾਨੀ
ਚੰਡੀਗੜ੍ਹ-  ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਮਾਣਾ ਹਲਕੇ  ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦਾ ਅਸਤੀਫ਼ਾ ਅੱਜ ਪ੍ਰਵਾਨ ਕੀਤੇ ਜਾਣ ਮਗਰੋਂ ਹਲਕਾ ਸਮਾਣਾ (116) ਦੀ ਸੀਟ ਨੂੰ ‘ਖ਼ਾਲੀ’ ਐਲਾਨ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਅੱਜ ਹਲਕਾ ਸਮਾਣਾ ਦੀ ਸੀਟ ਖ਼ਾਲੀ ਐਲਾਨ ਕੇ ਇਸ ਦੀ ਸੂਚਨਾ ਭਾਰਤੀ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਹੈ। ਇਸ ਤੋਂ ਪਹਿਲਾਂ ਲੰਘੇ ਕੱਲ੍ਹ ਹਲਕਾ ਸਨੌਰ ਅਤੇ ਅੰਮ੍ਰਿਤਸਰ ਉੱਤਰੀ ਦੀ ਸੀਟ ਵੀ ਖ਼ਾਲੀ ਘੋਸ਼ਿਤ ਕਰ ਦਿੱਤੀ ਗਈ ਸੀ।
ਦੱਸਣਯੋਗ ਹੈ ਕਿ ਭਾਜਪਾ ਦਾ ਪੱਲਾ ਫੜਨ ਮਗਰੋਂ ਹਲਕਾ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਵੀ ਆਪਣੇ ਪੰਜਾਬ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜੌੜਾਮਾਜਰਾ ਨੇ ਲੰਘੇ ਕੱਲ੍ਹ ਹੀ ਆਪਣਾ ਅਸਤੀਫ਼ਾ ਈ-ਮੇਲ ਜ਼ਰੀਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਭੇਜ ਦਿੱਤਾ ਸੀ ਪਰ ਅੱਜ ਉਨ੍ਹਾਂ ਨੇ ਦਸਤਖਤਾਂ ਸਮੇਤ ਮੁੜ ਅਸਤੀਫ਼ੇ ਦੀ ਕਾਪੀ ਭੇਜੀ ਹੈ। ਚੇਤੇ ਰਹੇ ਕਿ ‘ਆਪ’ ਦੇ ਭਾਜਪਾ ’ਚ ਸ਼ਾਮਲ ਹੋਏ ਤਿੰਨ ਵਿਧਾਇਕਾਂ ਚੋਂ ਹਰਮੀਤ ਸਿੰਘ ਪਠਾਨਮਾਜਰਾ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਤਾਂ ਪਹਿਲਾਂ ਹੀ ਵਿਧਾਇਕੀ ਛੱਡ ਦਿੱਤੀ ਸੀ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਸੰਧਵਾਂ ਨੇ ਸੋਮਵਾਰ ਨੂੰ ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਸੀ ਅਤੇ ਇਸ ਮਾਮਲੇ ਦੀ 5 ਨਵੰਬਰ ਨੂੰ ਸੁਣਵਾਈ ਰੱਖੀ ਸੀ। ਜੌੜਾਮਾਜਰਾ ਨੇ ਇਸ ਤੋਂ ਪਹਿਲਾਂ ਹੀ ਵਿਧਾਇਕ ਦਾ ਅਹੁਦਾ ਛੱਡ ਦਿੱਤਾ।
ਇਸ ਤੋਂ ਪਹਿਲਾਂ ‘ਆਪ’ ਦੀ ਚੀਫ਼ ਵ੍ਹਿੱਪ ਬਲਜਿੰਦਰ ਕੌਰ ਨੇ ਵਿਧਾਨ ਸਭਾ ਦੇ ਸਪੀਕਰ ਕੋਲ ਪਟੀਸ਼ਨ ਦਾਇਰ ਕੀਤੀ ਸੀ ਜਿਸ ’ਚ ਉਨ੍ਹਾਂ ਨੇ ਭਾਰਤੀ ਸੰਵਿਧਾਨ ਦੇ ਦਸਵੇਂ ਸ਼ਡਿਊਲ ਦੇ ਹਵਾਲੇ ਨਾਲ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੂੰ ਪੰਜਾਬ ਵਿਧਾਨ ਸਭਾ ਦੀ ਮੈਂਬਰੀ ਤੋਂ ਅਯੋਗ ਕਰਾਰ ਦਿੱਤੇ ਜਾਣ ਦੀ ਅਪੀਲ ਕੀਤੀ ਸੀ। ਜੌੜਾਮਾਜਰਾ ਵੱਲੋਂ ਅਸਤੀਫ਼ਾ ਦੇਣ ਮਗਰੋਂ ਹੁਣ ‘ਆਪ’ ਦੀ ਪਟੀਸ਼ਨ ਦੀ ਕਾਨੂੰਨੀ ਵਾਜਬਤਾ ਨਹੀਂ ਰਹਿ ਗਈ ਹੈ। ਅੰਮ੍ਰਿਤਸਰ ਉੱਤਰੀ ਅਤੇ ਸਨੌਰ ਸੀਟ ਮਗਰੋਂ ਹੁਣ ਹਲਕਾ ਸਮਾਣਾ ਦੀ ਸੀਟ ਵੀ ਖ਼ਾਲੀ ਐਲਾਨ ਦਿੱਤੀ ਹੈ।

Related posts

महिला दिवस को समर्पित विशेष बैठक का आयोजन

Current Updates

ਤਰਨ ਤਾਰਨ ਤੋਂ ਵਿਧਾਇਕ ਡਾ.ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ

Current Updates

ਸੁਪਰੀਮ ਕੋਰਟ ਵੱਲੋਂ Olympian ਸੁਸ਼ੀਲ ਕੁਮਾਰ ਦੀ ਜ਼ਮਾਨਤ ਰੱਦ

Current Updates

Leave a Comment