ਪਟਿਆਲਾ- ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਵੱਲੋਂ ਕਰਵਾਈ ਜਾ ਰਹੀ 63ਵੀਂ ਸਾਲਾਨਾ ਐਥਲੈਟਿਕਸ ਮੀਟ-2026 ਦਾ ਅੱਜ ਯੂਨੀਵਰਸਿਟੀ ਸਪੋਰਟਸ ਕੰਪਲੈਕਸ ਵਿੱਚ ਸ਼ਾਨਦਾਰ ਆਗਾਜ਼ ਹੋ ਗਿਆ। ਇਸ ਤਿੰਨ ਰੋਜ਼ਾ ਐਥਲੈਟਿਕਸ ਮੀਟ ਦਾ ਉਦਘਾਟਨ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤਾ ਗਿਆ। ਉਦਘਾਟਨੀ ਸਮਾਗਮ ਵਿੱਚ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਜਗਦੀਪ ਸਿੰਘ ਨੇ ਕਿਹਾ ਕਿ ਇਹ ਐਥਲੈਟਿਕਸ ਮੀਟ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ, ਖੇਡ ਭਾਵਨਾ ਨੂੰ ਪ੍ਰਫੁੱਲਤ ਕਰਨ ਅਤੇ ਯੂਨੀਵਰਸਿਟੀ ਪੱਧਰ ’ਤੇ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਅਹਿਮ ਮੰਚ ਸਾਬਤ ਹੋਵੇਗੀ। ਇਸ ਮੌਕੇ ਯੂਨੀਵਰਸਿਟੀ ਨਾਲ ਸਬੰਧਤ ਨਾਮਵਰ ਤੀਰਅੰਦਾਜ਼ ਖਿਡਾਰੀਆਂ ਸ਼ੀਤਲ ਦੇਵੀ (ਅਰਜੁਨ ਐਵਾਰਡੀ), ਹਰਵਿੰਦਰ ਸਿੰਘ (ਪਦਮ ਸ਼੍ਰੀ ਅਤੇ ਅਰਜੁਨ ਐਵਾਰਡੀ) ਅਤੇ ਪੂਜਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਖਿਡਾਰੀਆਂ ਨੇ ਪੈਰਾ ਏਸ਼ੀਅਨ ਚੈਂਪੀਅਨਸ਼ਿਪ-2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਦੇਸ਼ ਅਤੇ ਯੂਨੀਵਰਸਿਟੀ ਦਾ ਨਾਮ ਕੌਮਾਂਤਰੀ ਪੱਧਰ ’ਤੇ ਰੌਸ਼ਨ ਕੀਤਾ ਹੈ। ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਇਸ ਖੇਡ ਮਹਾਕੁੰਭ ਵਿੱਚ ਯੂਨੀਵਰਸਿਟੀ ਨਾਲ ਸਬੰਧਤ 130 ਕਾਲਜਾਂ ਦੇ ਲਗਭਗ 500 ਵਿਦਿਆਰਥ ਵੱਖ-ਵੱਖ ਐਥਲੈਟਿਕਸ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਇਸ ਮੌਕੇ ਪੰਜਾਬ ਸਟੇਟ ਇੰਸਟੀਚਿਊਟ ਆਫ਼ ਸਪੋਰਟਸ (ਪੀ ਆਈ ਐੱਸ ), ਮੁਹਾਲੀ ਦੇ ਡਾਇਰੈਕਟਰ ਟ੍ਰੇਨਿੰਗ ਅਤੇ ਜੀਵਨਜੋਤ ਸਿੰਘ ਤੇਜਾ ਨੇ ਵੀ ਸ਼ਿਰਕਤ ਕੀਤੀ।
previous post
