ਮੁੰਬਈ-ਮੁੰਬਈ ਪੁਲੀਸ ਨੇ ਪੋਡਕਾਸਟਰ ਰਣਵੀਰ ਅਲਾਹਾਬਾਦੀਆ ਨੂੰ ਯੂਟਿਊਬ ਸ਼ੋਅ ’ਤੇ ਵਿਵਾਦਿਤ ਟਿੱਪਣੀਆਂ ਦੀ ਜਾਂਚ ਲਈ ਮੁੜ ਤਲਬ ਕੀਤਾ ਹੈ। ਪੁਲੀਸ ਨੇ ਅਲਾਹਾਬਾਦੀਆ ਨੂੰ ਅੱਜ ਮੁੜ ਪੇਸ਼ ਹੋਣ ਲਈ ਕਿਹਾ ਹੈ। ਅਧਿਕਾਰੀ ਨੇ ਕਿਹਾ ਕਿ ਮੁੰਬਈ ਅਤੇ ਅਸਾਮ ਪੁਲੀਸ ਦੀਆਂ ਟੀਮਾਂ ਸ਼ੁੱਕਰਵਾਰ ਨੂੰ ਇੱਥੇ ਉਸ ਦੀ ਰਿਹਾਇਸ਼ ’ਤੇ ਗਈਆਂ, ਪਰ ਫਲੈਟ ਨੂੰ ਤਾਲਾ ਲੱਗਾ ਹੋਇਆ ਸੀ।
ਅਲਾਹਾਬਾਦੀਆ ਨੇ ਕਾਮੇਡੀਅਨ ਸਮੇਂ ਰੈਨਾ ਦੇ ਯੂਟਿਊਬ ਸ਼ੋਅ ‘India’s Got latent’ ਉੱਤੇ ਮਾਪਿਆਂ ਅਤੇ ਸੈਕਸ ਬਾਰੇ ਭੱਦੀਆਂ ਟਿੱਪਣੀਆਂ ਕੀਤੀਆਂ ਸਨ, ਜਿਸ ਖਿਲਾਫ਼ ਕਈ ਵਿਅਕਤੀਆਂ ਨੇ ਸ਼ਿਕਾਇਤਾਂ ਕੀਤੀਆਂ ਹਨ।
ਅਲਾਹਾਬਾਦੀਆ ਨੂੰ ਉਸ ਦੀਆਂ ਵਿਵਾਦਿਤ ਟਿੱਪਣੀਆਂ ਦੀ ਜਾਂਚ ਦੇ ਸਬੰਧ ਵਿੱਚ ਵੀਰਵਾਰ ਨੂੰ ਇੱਥੇ ਖਾਰ ਪੁਲੀਸ ਥਾਣੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ। ਪਰ ਜਦੋਂ ਉਹ ਨਹੀਂ ਆਇਆ ਤਾਂ ਪੁਲੀਸ ਨੇ ਦੂਜਾ ਸੰਮਨ ਜਾਰੀ ਕੀਤਾ, ਜਿਸ ਵਿੱਚ ਉਸ ਨੂੰ ਸ਼ੁੱਕਰਵਾਰ ਨੂੰ ਪੇਸ਼ ਹੋਣ ਲਈ ਕਿਹਾ ਗਿਆ।
ਪੋਡਕਾਸਟਰ ਨੇ ਖਾਰ ਪੁਲੀਸ ਨੂੰ ਬੇਨਤੀ ਕੀਤੀ ਸੀ ਕਿ ਉਸ ਦਾ ਬਿਆਨ ਉਹਦੀ ਰਿਹਾਇਸ਼ ’ਤੇ ਦਰਜ ਕੀਤਾ ਜਾਵੇ, ਪਰ ਉਸ ਦੀ ਇਸ ਬੇਨਤੀ ਨੂੰ ਰੱਦ ਕਰ ਦਿੱਤਾ ਗਿਆ। ਇਸ ਦੌਰਾਨ, ਅਸਾਮ ਪੁਲੀਸ ਦੀ ਇੱਕ ਟੀਮ ਗੁਹਾਟੀ ਦੇ ਇਕ ਵਸਨੀਕ ਵੱਲੋਂ ਦਾਇਰ ਸ਼ਿਕਾਇਤ ’ਤੇ ਅਲਾਹਾਬਾਦੀਆ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ।
ਪੁਲੀਸ ਅਧਿਕਾਰੀ ਨੇ ਕਿਹਾ, ‘‘ਮੁੰਬਈ ਤੇ ਅਸਾਮ ਪੁਲੀਸ ਦੀਆਂ ਟੀਮਾਂ ਵਰਸੋਵਾ ਵਿੱਚ ਅਲਾਹਾਬਾਦੀਆ ਦੇ ਫਲੈਟ ’ਤੇ ਗਈਆਂ ਪਰ ਉਸ ਨੂੰ ਤਾਲਾ ਲੱਗਿਆ ਮਿਲਿਆ। ਫਿਰ ਦੋਵੇਂ ਪੁਲੀਸ ਟੀਮਾਂ ਖਾਰ ਪੁਲੀਸ ਸਟੇਸ਼ਨ ਵਾਪਸ ਆ ਗਈਆਂ।’’
ਗੁਹਾਟੀ ਵਿੱਚ ਕੇਸ ਸੋਮਵਾਰ ਨੂੰ ਦਰਜ ਕੀਤਾ ਗਿਆ ਸੀ। ਅਲਾਹਾਬਾਦੀਆ ਅਤੇ ਰੈਨਾ ਤੋਂ ਇਲਾਵਾ, ਅਸਾਮ ਵਿੱਚ ਦਰਜ ਕੇਸ ਵਿਚ ਆਸ਼ੀਸ਼ ਚੰਚਲਾਨੀ, ਜਸਪ੍ਰੀਤ ਸਿੰਘ ਅਤੇ ਅਪੂਰਵਾ ਮਖੀਜਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਅਸਾਮ ਪੁਲੀਸ ਦੀ ਟੀਮ ਨੇ ਵੀਰਵਾਰ ਨੂੰ ਮਹਾਰਾਸ਼ਟਰ ਸਾਈਬਰ ਵਿਭਾਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ।
ਮੁੰਬਈ ਪੁਲੀਸ ਤੇ ਸਾਈਬਰ ਵਿਭਾਗ, ਜੋ ਵਿਵਾਦਿਤ ਟਿੱਪਣੀਆਂ ਦੀ ਵੱਖਰੀ ਜਾਂਚ ਕਰ ਰਹੇ ਹਨ, ਨੇ ਰੈਨਾ ਨੂੰ ਅਗਲੇ ਪੰਜ ਦਿਨਾਂ ਵਿੱਚ ਪੇਸ਼ ਹੋਣ ਲਈ ਕਿਹਾ ਹੈ।
ਮੁੰਬਈ ਪੁਲੀਸ (ਖਾਰ ਪੁਲੀਸ ਥਾਣੇ) ਨੇ ਭਾਜਪਾ ਅਹੁਦੇਦਾਰ ਦੀ ਸ਼ਿਕਾਇਤ ’ਤੇ ਮਖੀਜਾ, ਚੰਚਲਾਨੀ ਅਤੇ ਅਲਾਹਾਬਾਦੀਆ ਦੇ ਮੈਨੇਜਰ ਸਮੇਤ ਅੱਠ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਹਨ। ਹਾਲਾਂਕਿ, ਮੁੰਬਈ ਪੁਲੀਸ ਨੇ ਹੁਣ ਤੱਕ ਇਸ ਸਬੰਧ ਵਿੱਚ ਕੋਈ ਐੱਫਆਈਆਰ ਦਰਜ ਨਹੀਂ ਕੀਤੀ ਹੈ।
ਪੁਲੀਸ ਨੇ ਲੰਘੇ ਦਿਨ ‘ਇੰਡੀਆਜ਼ ਗੌਟ ਲੇਟੈਂਟ’ ਸ਼ੋਅ ਦੇ ਵੀਡੀਓ ਸੰਪਾਦਕ ਪ੍ਰਥਮ ਸਾਗਰ ਦਾ ਬਿਆਨ ਦਰਜ ਕੀਤਾ। ਉਸ ਨੂੰ ਸੰਖੇਪ ਪੁੱਛ ਪੜਤਾਲ ਤੋਂ ਬਾਅਦ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ।
ਮਹਾਰਾਸ਼ਟਰ ਸਾਈਬਰ ਨੇ ਇਸ ਸਬੰਧ ਵਿੱਚ ਦਰਜ ਕੀਤੇ ਗਏ ਕੇਸ ਵਿੱਚ ਘੱਟੋ-ਘੱਟ 50 ਵਿਅਕਤੀਆਂ ਨੂੰ ਆਪਣੇ ਬਿਆਨ ਦਰਜ ਕਰਨ ਲਈ ਤਲਬ ਕੀਤਾ ਹੈ। ਇਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਹਨ ਜੋ ਸ਼ੋਅ ਵਿੱਚ ਹਿੱਸਾ ਲੈਂਦੇ ਸਨ। ਵੀਰਵਾਰ ਨੂੰ ਅਦਾਕਾਰ ਰਘੂ ਰਾਮ ਨੇ ਏਜੰਸੀ ਕੋਲ ਆਪਣਾ ਬਿਆਨ ਦਰਜ ਕੀਤਾ। ਉਹ ਰੈਨਾ ਦੇ ਸ਼ੋਅ ਦੇ ਜੱਜ ਪੈਨਲ ਵਿੱਚ ਸੀ।