ਮੁੰਬਈ-ਮੁੰਬਈ ਦੇ ਵਡਗਡੀ ਖੇਤਰ ਵਿੱਚ ਅੱਜ ਸਵੇਰੇ ਇੱਕ ਉੱਚੀ ਇਮਾਰਤ ਵਿੱਚ ਅੱਗ ਲੱਗ ਗਈ ਜਿਸ ਨਾਲ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਇਹ ਘਟਨਾ ਰਾਮ ਮੰਦਰ ਮਸਜਿਦ ਨੇੜੇ ਈਸਾਜੀ ਸਟਰੀਟ ’ਤੇ ਵਾਪਰੀ। ਇਹ ਅੱਗ ਬਿਜਲੀ ਦੀਆਂ ਤਾਰਾਂ ਅਤੇ ਆਮ ਮੀਟਰ ਬਕਸੇ ਤੋਂ ਲੱਗੀ ਤੇ ਅੱਗੇ ਫੈਲ ਗਈ। ਇਸ ਘਟਨਾ ਦੀ ਸੂਚਨਾ ਮੁੰਬਈ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਗੱਡੀਆਂ ਮੌਕੇ ’ਤੇ ਪੁੱਜ ਗਈਆਂ ਤੇ ਅੱਗ ’ਤੇ ਕਾਬੂ ਪਾ ਲਿਆ ਗਿਆ। ਦੋ ਮ੍ਰਿਤਕਾਂ ਦੀ ਪਛਾਣ ਸਾਜ਼ੀਆ ਆਲਮ ਸ਼ੇਖ (30) ਅਤੇ ਸਬੀਲਾ ਖਾਤੂਨ ਸ਼ੇਖ (42) ਵਜੋਂ ਹੋਈ ਹੈ। ਦੋਵਾਂ ਨੂੰ ਜੇਜੇ ਹਸਪਤਾਲ ਲਿਆਂਦਾ ਗਿਆ।
ਇਸ ਤੋਂ ਇਲਾਵਾ ਸ਼ਾਹੀਨ ਸ਼ੇਖ (22) ਤੇ ਕਰੀਮ ਸ਼ੇਖ (20) ਨੂੰ ਦਮ ਘੁਟਣ ਦੀ ਸ਼ਿਕਾਇਤ ਕਾਰਨ ਜੀਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਹੈ। ਇਸ ਖਬਰ ਦੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।