ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੇਂਦਰੀ ਬਜਟ ਨੇ ਹਰ ਪਰਿਵਾਰ ਦੀ ਝੋਲੀ ਖੁਸ਼ੀਆਂ ਨਾਲ ਭਰ ਦਿੱਤੀ ਹੈ ਅਤੇ ਇਹ ਭਾਰਤ ਦੇ ਇਤਿਹਾਸ ’ਚ ਸਭ ਤੋਂ ਵੱਧ ਮੱਧ ਵਰਗ ਪੱਖੀ ਬਜਟ ਹੈ। ਮੋਦੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮੱਧ ਵਰਗ ਲਈ ਬਜਟ ਵਿਚਲੀਆਂ ਵੱਖ ਵੱਖ ਲਾਭਕਾਰੀ ਮੱਦਾਂ ਦਾ ਜ਼ਿਕਰ ਕੀਤਾ ਅਤੇ ਦਾਅਵਾ ਕੀਤਾ ਕਿ ਭਾਰਤ ਦੀ ਆਜ਼ਾਦੀ ਮਗਰੋਂ 12 ਲੱਖ ਰੁਪਏ ਦੀ ਆਮਦਨ ਵਾਲੇ ਲੋਕਾਂ ਨੂੰ ਕਦੀ ਵੀ ਅਜਿਹੀ ਰਾਹਤ ਨਹੀਂ ਮਿਲੀ।
ਉਨ੍ਹਾਂ ਕਿਹਾ ਕਿ ਮੱਧ ਵਰਗ ਕਹਿ ਰਿਹਾ ਹੈ ਕਿ ਇਹ ਭਾਰਤ ਦੇ ਇਤਿਹਾਸ ’ਚ ਉਨ੍ਹਾਂ ਲਈ ਸਭ ਤੋਂ ਹਾਂਪੱਖੀ ਬਜਟ ਹੈ। ਮੋਦੀ ਨੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਥਿਤ ਝੂਠੇ ਵਾਅਦਿਆਂ ਤੇ ਭ੍ਰਿਸ਼ਟਾਚਾਰ ਲਈ ਆਲੋਚਨਾ ਕਰਦਿਆਂ ਕਿਹਾ ਕਿ ‘ਆਪ’ ਦੀਆਂ ਨੀਤੀਆਂ ਕਾਰਨ ਕਾਰਖਾਨੇ ਬੰਦ ਹੋ ਰਹੇ ਹਨ ਅਤੇ ਜਿਨ੍ਹਾਂ ਲੋਕਾਂ ਨੇ ਜਨਤਾ ਨੂੰ ਲੁੱਟਿਆ ਹੈ, ਉਨ੍ਹਾਂ ਨੂੰ ਇਸ ਦਾ ਹਿਸਾਬ ਦੇਣਾ ਪਵੇਗਾ। ਉਨ੍ਹਾਂ ਅੱਜ ਲੋਕਾਂ ਨੂੰ ਬਸੰਤ ਪੰਚਮੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਰੁੱਤ ਬਦਲਣ ਦਾ ਪ੍ਰਤੀਕ ਹੈ ਅਤੇ ਦਿੱਲੀ ਦੀ ਜਨਤਾ ਨੇ ਭਾਜਪਾ ਸਰਕਾਰ ਚੁਣਨ ਦਾ ਮਨ ਬਣਾ ਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਆਪ-ਦਾ’ ਨੇ ਕੌਮੀ ਰਾਜਧਾਨੀ ਦੇ 11 ਸਾਲ ਬਰਬਾਦ ਕਰ ਦਿੱਤੇ ਹਨ ਅਤੇ ਹੁਣ ਇਸ ਦੇ ਵਿਕਾਸ ਲਈ ‘ਡਬਲ ਇੰਜਣ’ ਸਰਕਾਰ ਚੁਣੀ ਜਾਵੇਗੀ। ਉਨ੍ਹਾਂ ਭਾਜਪਾ ਦੇ ਐਲਾਨਨਾਮੇ ’ਚ ਸੀਨੀਅਰ ਨਾਗਰਿਕਾਂ ਤੇ ਮਹਿਲਾਵਾਂ ਦੀ ਭਲਾਈ ਲਈ ਕੀਤੇ ਵਾਅਦਿਆਂ ਬਾਰੇ ਚਰਚਾ ਕੀਤੀ ਅਤੇ ਕੌਮੀ ਰਾਜਧਾਨੀ ’ਚ ਭਾਜਪਾ ਸਰਕਾਰ ਬਣਨ ’ਤੇ ਉਨ੍ਹਾਂ ਨੂੰ ਮਿਲਣ ਵਾਲੇ ਲਾਭਾਂ ਬਾਰੇ ਦੱਸਿਆ।