ਸ਼ਿਮਲਾ-ਹਿਮਾਚਲ ਪ੍ਰਦੇਸ਼ ’ਚ ਐਤਵਾਰ ਨੂੰ ਜ਼ਿਆਦਾਤਰ ਥਾਵਾਂ ’ਤੇ ਘੱਟੋ ਘੱਟ ਤਾਪਮਾਨ ਤਿੰਨ ਤੋਂ ਛੇ ਡਿਗਰੀ ਸੈਲਸੀਅਸ ਜ਼ਿਆਦਾ ਰਿਹਾ ਜਿਸ ਕਾਰਨ ਸੂਬੇ ’ਚ ਹੱਡ ਚੀਰਵੀਂ ਠੰਢ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਪਹਾੜਾਂ ’ਤੇ ਮੀਂਹ ਅਤੇ ਬਰਫ਼ਬਾਰੀ ਦੀ ਪੇਸ਼ੀਨਗੋਈ ਕੀਤੀ ਹੈ। ਉਨ੍ਹਾਂ ਬੁੱਧਵਾਰ ਅਤੇ ਵੀਰਵਾਰ ਨੂੰ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਰਫ਼ ਪੈਣ ਦੀ ਸੰਭਾਵਨਾ ਜਤਾਈ ਹੈ। ਉਨ੍ਹਾਂ ਮੁਤਾਬਕ ਸ਼ੁੱਕਰਵਾਰ ਨੂੰ ਹੇਠਲੇ ਇਲਾਕਿਆਂ ’ਚ ਸੀਤ ਲਹਿਰ ਚੱਲ ਸਕਦੀ ਹੈ। ਸ਼ਿਮਲਾ ਅਤੇ ਆਸ-ਪਾਸ ਦੇ ਇਲਾਕਿਆਂ ’ਚ ਅੱਜ ਅੰਸ਼ਕ ਤੌਰ ’ਤੇ ਬੱਦਲਵਾਈ ਰਹੀ। ਉਂਜ ਦਿਨ ਦੇ ਤਾਪਮਾਨ ’ਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ। ਤਾਬੋ ’ਚ ਐਤਵਾਰ ਨੂੰ ਘੱਟੋ ਘੱਟ ਤਾਪਮਾਨ ਮਨਫ਼ੀ 5.4 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਸੁੰਦਰਨਗਰ ’ਚ ਤਾਪਮਾਨ 9.7 ਡਿਗਰੀ, ਕਿਲੌਂਗ ’ਚ ਮਨਫ਼ੀ 4, ਸ਼ਿਮਲਾ ’ਚ 8.6 ਅਤੇ ਮੰਡੀ ’ਚ 10.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਡੋਡਾ ’ਚ ਬਰਫ਼ਬਾਰੀ ਕਾਰਨ ਠੰਢ ਵਧੀ-ਸ੍ਰੀਨਗਰ: ਜੰਮੂ ਕਸ਼ਮੀਰ ਦੇ ਡੋਡਾ ’ਚ ਬਰਫ਼ ਪੈਣ ਕਾਰਨ ਠੰਢ ਹੋਰ ਵਧ ਗਈ ਹੈ। ਸ੍ਰੀਨਗਰ ’ਚ ਵੀ ਕੜਾਕੇ ਦੀ ਠੰਢ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਲਮਰਗ ’ਚ ਤਾਪਮਾਨ ਮਨਫ਼ੀ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪਹਿਲਗਾਮ ’ਚ ਤਾਪਮਾਨ 0.6 ਡਿਗਰੀ, ਬਨੀਹਾਲ ’ਚ 6.6, ਕੁਪਵਾੜਾ ’ਚ 2.4, ਕਟੜਾ ’ਚ 14.6 ਅਤੇ ਜੰਮੂ ਸ਼ਹਿਰ ’ਚ 16.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।