ਮੁੰਬਈ-ਸੰਸਦ ਮੈਂਬਰ ਅਤੇ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦੀ ਸਕਰੀਨਿੰਗ ਮੌਕੇ ਅਧਿਆਤਮਿਕ ਆਗੂ ਸਦਗੁਰੂ ਜੱਗੀ ਵਾਸੂਦੇਵ ਵੀ ਪੁੱਜੇ। ਇਸ ਦੌਰਾਨ ਉਨ੍ਹਾਂ ਫਿਲਮ ਦੀ ਅਹਿਮੀਅਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਫਿਲਮ ਨੂੰ ਖ਼ਾਸ ਕਰ ਕੇ ਨੌਜਵਾਨਾਂ ਲਈ ਕਾਫੀ ਮਹੱਤਵਪੂਰਨ ਦੱਸਿਆ। ਕੰਗਨਾ ਰਣੌਤ ਫਿਲਮ ਦੀ ਨਿਰਦੇਸ਼ਕ ਦੇ ਨਾਲ ਇਸ ਵਿੱਚ ਅਹਿਮ ਕਿਰਦਾਰ ਵੀ ਨਿਭਾਅ ਰਹੀ ਹੈ। ਇਸ ਫਿਲਮ ਵਿੱਚ 1975 ’ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਐਲਾਨੀ ਗਈ ਐਮਰਜੈਂਸੀ ਵਾਲੇ ਵਿਵਾਦਤ ਸਮੇਂ ਨੂੰ ਦਰਸਾਇਆ ਗਿਆ ਹੈ। ਫਿਲਮ ਦੀ ਸਕਰੀਨਿੰਗ ਦੌਰਾਨ ਸਦਗੁਰੂ ਨੇ ਨੌਜਵਾਨਾਂ ਵੱਲੋਂ ਇਹ ਫਿਲਮ ਦੇਖੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਦੌਰਾਨ ਫਿਲਮ ਦੇ ਵਿਸ਼ੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਦਗੁਰੂ ਨੇ ਇਸ ਦੀ ਪੇਸ਼ਕਾਰੀ ਦੇ ਢੰਗ ਦੀ ਸ਼ਲਾਘਾ ਵੀ ਕੀਤੀ।
ਉਨ੍ਹਾਂ ਕਿਹਾ ਕਿ ਇਹ ਇਕ ਕਾਫੀ ਗੁੰਝਲਦਾਰ ਵਿਸ਼ਾ ਹੈ ਪਰ ਇਸ ਦੀ ਪੇਸ਼ਕਾਰੀ ਬਾਕਮਾਲ ਢੰਗ ਨਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਘਟਨਾ ਨੂੰ ਸਿਰਫ਼ ਢਾਈ ਘੰਟੇ ਦੀ ਫਿਲਮ ਵਿੱਚ ਸਮੋਣਾ ਆਸਾਨ ਕੰਮ ਨਹੀਂ ਸੀ। ਉਨ੍ਹਾਂ ਕਿਹਾ, ‘‘ਇਸ ਘਟਨਾ ਨੂੰ 50 ਸਾਲ ਹੋ ਚੁੱਕੇ ਹਨ ਅਤੇ ਇਸ ਨੂੰ ਹੁਣ ਅਸੀਂ ਇਤਿਹਾਸ ਮੰਨ ਸਕਦੇ ਹਾਂ। ਸਵਾਲ ਇਹ ਹੈ ਕਿ ਇਕ ਰਾਸ਼ਟਰ ਵਜੋਂ ਅਸੀਂ ਸਾਡੇ ਨਾਲ ਵਾਪਰੀ ਇਸ ਘਟਨਾ ਤੋਂ ਕੋਈ ਸਬਕ ਲਿਆ ਜਾਂ ਨਹੀਂ ਜਾਂ ਫਿਰ ਗ਼ਲਤੀਆਂ ਦੁਹਰਾਉਣੀਆਂ ਜਾਰੀ ਹਨ।’’ ਉਨ੍ਹਾਂ ਇਤਿਹਾਸ ਤੋਂ ਸਿੱਖਣ ਦੀ ਲੋੜ ’ਤੇ ਜ਼ੋਰ ਦਿੱਤਾ, ਖ਼ਾਸ ਕਰ ਕੇ ਨੌਜਵਾਨ ਪੀੜ੍ਹੀ ਲਈ ਜਿਸ ਨੇ ਉਹ ਸਮਾਂ ਨਹੀਂ ਹੰਢਾਇਆ। ਉਨ੍ਹਾਂ ਕਿਹਾ ਕਿ ਧਿਆਨ ਇਤਿਹਾਸ ਜਾਂ ਫਿਲਮ ਨੂੰ ਪਰਖਣ ’ਤੇ ਨਹੀਂ, ਬਲਕਿ ਦੇਸ਼ ’ਤੇ ਇਸ ਦੇ ਪ੍ਰਭਾਵ ਨੂੰ ਸਮਝਣ ਦੀ ਲੋੜ ਹੈ। ਅਦਾਕਾਰਾ ਕੰਗਨਾ ਰਣੌਤ ਨੇ ਸਕਰੀਨਿੰਗ ਵਿੱਚ ਪੁੱਜਣ ਲਈ ਸਦਗੁਰੂ ਦਾ ਧੰਨਵਾਦ ਕੀਤਾ।