ਪਟਿਆਲਾ- ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ, ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਵਾਰਡ ਨੰਬਰ 34 ਦੇ ਮਿਉਂਸਪਲ ਕਾਰਪੋਰੇਟਰ ਸ੍ਰੀ ਤੇਜਿੰਦਰ ਮਹਿਤਾ ਵੱਲੋਂ ਪਾਰਟੀ ਵਰਕਰਾਂ ਨੂੰ ਮਾਣ–ਸਤਿਕਾਰ ਦੇਣ ਦੀ ਸੋਚ ਅਧੀਨ ਵਿਕਾਸ ਕਾਰਜਾਂ ਦੇ ਉਦਘਾਟਨ ਵਰਕਰਾਂ ਹੱਥੋਂ ਕਰਵਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ। ਇਸ ਮੁਹਿੰਮ ਦੇ ਤਹਿਤ ਸ੍ਰੀ ਮਹਿਤਾ ਨੇ ਮੋਤਾ ਸਿੰਘ ਨਗਰ ਵਿਖੇ ਪੀਣ ਵਾਲੇ ਪਾਣੀ ਦੀ ਸਪਲਾਈ ਲਾਈਨ ਦੇ ਕੰਮ ਦਾ ਉਦਘਾਟਨ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਵਾਰਡ ਪ੍ਰਧਾਨ ਮਮਤਾ ਢੰਡ ਕੋਲੋਂ ਕਰਵਾਇਆ। ਸ਼ਨੀਵਾਰ ਨੂੰ ਵਾਟਰ ਸਪਲਾਈ ਲਾਈਨ ਪਾਉਣ ਦੇ ਕੰਮ ਦੇ ਉਦਘਾਟਨ ਲਈ ਸ੍ਰੀ ਮਹਿਤਾ ਨੂੰ ਸੱਦਾ ਦਿੱਤਾ ਗਿਆ ਸੀ, ਪਰ ਉਨ੍ਹਾਂ ਨੇ ਖੁਦ ਨਾਰੀਅਲ ਨਾ ਤੋੜ ਕੇ ਮੌਕੇ ’ਤੇ ਮੌਜੂਦ ਮਿਹਨਤੀ ਪਾਰਟੀ ਵਰਕਰ ਮਮਤਾ ਢੰਡ ਤੋਂ ਇਹ ਰਸਮ ਅਦਾ ਕਰਵਾ ਕੇ ਵਰਕਰਾਂ ਨੂੰ ਮਾਣ ਦੇਣ ਦੀ ਆਪਣੀ ਵਚਨਬੱਧਤਾ ਦਰਸਾਈ।
ਗੌਰਤਲਬ ਹੈ ਕਿ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਵਸੇ ਮੋਤਾ ਸਿੰਘ ਨਗਰ ਵਿੱਚ ਪਹਿਲੀ ਵਾਰ ਵਾਟਰ ਸਪਲਾਈ ਦੀ ਲਾਈਨ ਪਾਈ ਜਾ ਰਹੀ ਹੈ, ਜਿਸ ਨਾਲ ਇਲਾਕਾ ਨਿਵਾਸੀਆਂ ਦੀ ਇੱਕ ਵੱਡੀ ਮੁੱਢਲੀ ਸਮੱਸਿਆ ਦਾ ਹੱਲ ਹੋਵੇਗਾ। ਇਸ ਤੋਂ ਪਹਿਲਾਂ ਵੀ ਸ੍ਰੀ ਮਹਿਤਾ ਵੱਲੋਂ ਵਿਕਾਸ ਕਾਰਜਾਂ ਦੇ ਉਦਘਾਟਨ ਵਰਕਰਾਂ ਕੋਲੋਂ ਕਰਵਾਏ ਗਏ ਸਨ, ਜਿਸ ਦੀ ਇਲਾਕਾ ਨਿਵਾਸੀਆਂ ਅਤੇ ਪਾਰਟੀ ਵਰਕਰਾਂ ਵੱਲੋਂ ਖੂਬ ਸਰਾਹਣਾ ਕੀਤੀ ਗਈ ਸੀ। ਇਸ ਮਾਣ ਲਈ ਮਮਤਾ ਢੰਡ ਨੇ ਸ੍ਰੀ ਤੇਜਿੰਦਰ ਮਹਿਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਵਰਕਰਾਂ ਦਾ ਹੌਸਲਾ ਵਧਾਉਂਦੇ ਹਨ ਅਤੇ ਉਹ ਭਵਿੱਖ ਵਿੱਚ ਵੀ ਪਾਰਟੀ ਲਈ ਹੋਰ ਵੱਧ ਮਿਹਨਤ, ਨਿਸ਼ਠਾ ਅਤੇ ਸਮਰਪਣ ਨਾਲ ਕੰਮ ਕਰਦੀ ਰਹੇਗੀ।
ਮੌਕੇ ’ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸ੍ਰੀ ਮਹਿਤਾ ਨੇ ਕਿਹਾ ਕਿ ਪਾਰਟੀ ਵਰਕਰਾਂ ਨੂੰ ਮਾਣ–ਸਤਿਕਾਰ ਦੇਣਾ ਉਹ ਆਪਣਾ ਫਰਜ਼ ਸਮਝਦੇ ਹਨ ਅਤੇ ਭਵਿੱਖ ਵਿੱਚ ਵੀ ਜਿੱਥੇ ਤੱਕ ਸੰਭਵ ਹੋਵੇਗਾ, ਵਿਕਾਸ ਕਾਰਜਾਂ ਦੇ ਉਦਘਾਟਨ ਵਰਕਰਾਂ ਤੋਂ ਹੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਤੱਕ ਮੋਤਾ ਸਿੰਘ ਨਗਰ ਵਿੱਚ ਵਾਟਰ ਸਪਲਾਈ ਲਾਈਨ ਦਾ ਨਾ ਹੋਣਾ ਇਹ ਸਾਬਤ ਕਰਦਾ ਹੈ ਕਿ ਪਿਛਲੀਆਂ ਸਰਕਾਰਾਂ ਆਮ ਆਦਮੀ ਦੀਆਂ ਮੁੱਢਲੀਆਂ ਲੋੜਾਂ ਪ੍ਰਤੀ ਕਿੰਨੀ ਅਵੇਸਲ ਰਹੀਆਂ।
ਸ੍ਰੀ ਮਹਿਤਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਆਮ ਆਦਮੀ ਦੀਆਂ ਜ਼ਰੂਰਤਾਂ ਨੂੰ ਪ੍ਰਾਥਮਿਕਤਾ ਦੇ ਰਹੀ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ ’ਤੇ ਹੱਲ ਕਰਨ ਲਈ ਲਗਾਤਾਰ ਕਾਰਜਸ਼ੀਲ ਹੈ। ਇਸ ਮੌਕੇ ਸੋਸ਼ਲ ਮੀਡੀਆ ਦੇ ਜਿਲਾ ਪ੍ਰਧਾਨ ਸੁਮੀਤ ਤਕੇਜਾ, ਵਾਰਡ ਸਕੱਤਰ ਸੁਰਿੰਦਰ ਸਿੰਘ ਨਿੱਕੂ, ਟ੍ਰੇਡ ਕਮਿਸ਼ਨ ਦੇ ਬਲਾਕ ਪ੍ਰਧਾਨ ਰਜਤ ਗੋਇਲ, ਨਰੇਸ਼ ਵਰਮਾ, ਪਵਨ ਮਿੱਤਲ, ਰਾਜ ਵਰਮਾ, ਕੁਲਵੰਤ ਰਾਏ ਜੰਬੂ, ਅਰੁਣ ਵਰਮਾ, ਰਾਜੀਵ ਰਾਓ ਅਤੇ ਇਲਾਕੇ ਦੇ ਹੋਰ ਪਤਵੰਤੇ ਲੋਕ ਹਾਜ਼ਰ ਸਨ।
