August 12, 2026
ਖਾਸ ਖ਼ਬਰਰਾਸ਼ਟਰੀ

ਅਸੀਂ ਸਮੱਸਿਆਵਾਂ ਘਟਾਉਣ ਤੇ ਦੋਸਤੀ ਵਧਾਉਣ ਦੇ ਪੱਖ ’ਚ: ਜੈਸ਼ੰਕਰ

ਅਸੀਂ ਸਮੱਸਿਆਵਾਂ ਘਟਾਉਣ ਤੇ ਦੋਸਤੀ ਵਧਾਉਣ ਦੇ ਪੱਖ ’ਚ: ਜੈਸ਼ੰਕਰ

ਮੁੰਬਈ-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਸਮੱਸਿਆਵਾਂ ਘਟਾਉਣ ਅਤੇ ਦੋਸਤੀ ਵਧਾਉਣ ਦੇ ਪੱਖ ’ਚ ਹੈ। ਇਥੇ 19ਵੇਂ ਨਾਨੀ ਏ. ਪਾਲਕੀਵਾਲਾ ਯਾਦਗਾਰੀ ਭਾਸ਼ਨ ਦੌਰਾਨ ਜੈਸ਼ੰਕਰ ਨੇ ਮੁਲਕ ਦੀ ਵਿਦੇਸ਼ ਅਤੇ ਕੂਟਨੀਤਕ ਨੀਤੀ ਨਾਲ ਸਬੰਧਤ ਕਈ ਮੁੱਦਿਆਂ ’ਤੇ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਕਿਹਾ, ‘‘ਖੁੱਲ੍ਹੇਪਣ ਦੀ ਰਵਾਇਤ ’ਤੇ ਅੱਗੇ ਵਧਦਿਆਂ ਅਸੀਂ ਆਪਣੀ ਸਥਿਤੀ ਵਿਸ਼ਵਬੰਧੂ, ਇਕ ਭਰੋਸੇਮੰਦ ਭਾਈਵਾਲ ਅਤੇ ਦੋਸਤ ਵਜੋਂ ਦੇਖਦੇ ਹਾਂ।’’ ਮੰਡੀਕਰਨ ਅਤੇ ਵਿੱਤੀ ਅਦਾਰਿਆਂ ਦੀ ਵਰਤੋਂ ਕਾਰਨ ਦੁਨੀਆ ਨੂੰ ਦਰਪੇਸ਼ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਅੰਦਰੂਨੀ ਵਿਕਾਸ ਅਤੇ ਆਧੁਨਿਕਤਾ ਦੀ ਰਫ਼ਤਾਰ ਵਧਾਉਣੀ ਪਵੇਗੀ। ਉਨ੍ਹਾਂ ਕਿਹਾ, ‘‘ਸਿਆਸੀ ਸਥਿਰਤਾ, ਸਮੁੱਚੇ ਵਿਕਾਸ ਅਤੇ ਲਗਾਤਾਰ ਹੋ ਰਹੇ ਸੁਧਾਰਾਂ ਰਾਹੀਂ ਦੇਸ਼ ਅਗਾਂਹ ਵਧ ਰਿਹਾ ਹੈ। ਮੈਨੂੰਫੈਕਚਰਿੰਗ, ਭੋਜਨ ਅਤੇ ਸਿਹਤ ਸੁਰੱਖਿਆ ਨਾਲ ਕਈ ਮੁਸ਼ਕਲਾਂ ਦਾ ਟਾਕਰਾ ਕਰ ਸਕਾਂਗੇ।’’ ਉਨ੍ਹਾਂ ਰਣਨੀਤਕ ਖੁਦਮੁਖਤਿਆਰੀ ਦਾ ਸੱਦਾ ਦਿੰਦਿਆਂ ਕਿਹਾ ਕਿ ਭਾਰਤ ਨੂੰ ਅਹਿਮ ਅਤੇ ਉਭਰਦੀਆਂ ਤਕਨਾਲੋਜੀਆਂ ਦੇ ਵਿਕਾਸ ’ਚ ਪਿੱਛੇ ਨਹੀਂ ਰਹਿਣਾ ਚਾਹੀਦਾ ਹੈ।

‘ਭਾਰਤ-ਚੀਨ ਵਿਚਾਲੇ ਸਰਹੱਦੀ ਤਣਾਅ ਘਟਾਉਣ ਦੀ ਕੋਸ਼ਿਸ਼’- ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੂੰ ਚੀਨ ਨਾਲ ਤਵਾਜ਼ਨ ਕਾਇਮ ਕਰਨ ’ਚ ਇਕ ਵਿਸ਼ੇਸ਼ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਦੋਵੇਂ ਮੁਲਕ ਤਰੱਕੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ ਵਿਚਕਾਰ 2020 ਮਗਰੋਂ ਪੈਦਾ ਹੋਏ ਸਰਹੱਦੀ ਤਣਾਅ ਮਗਰੋਂ ਹੁਣ ਸਬੰਧ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਸਲਿਆਂ ਦੇ ਹੱਲ ਲਈ ਧਿਆਨ ਦਿੱਤਾ ਜਾ ਰਿਹਾ ਹੈ ਪਰ ਫਿਰ ਵੀ ਸਬੰਧਾਂ ’ਤੇ ਵਧੇਰੇ ਵਿਚਾਰ ਕਰਨ ਦੀ ਲੋੜ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਚੀਨ ਦੀ ਵਧਦੀ ਤਾਕਤ ਦੇ ਟਾਕਰੇ ਲਈ ਤਿਆਰ ਰਹਿਣਾ ਹੋਵੇਗਾ ਅਤੇ ਅਜਿਹੇ ਮਸਲਿਆਂ ਵੱਲ ਧਿਆਨ ਦੇਣਾ ਪਵੇਗਾ ਜਿਨ੍ਹਾਂ ਨਾਲ ਸਿੱਧੇ ਤੌਰ ’ਤੇ ਮੁਲਕ ਦੇ ਹਿੱਤਾਂ ’ਤੇ ਅਸਰ ਪੈਂਦਾ ਹੈ। ਉਨ੍ਹਾਂ ਅਮਰੀਕਾ, ਚੀਨ ਅਤੇ ਇਜ਼ਰਾਈਲ ਨਾਲ ਸਬੰਧ ਨਵੇਂ ਮੁਕਾਮ ’ਤੇ ਪਹੁੰਚਣ ਦਾ ਦਾਅਵਾ ਕੀਤਾ। ਗੁਆਂਢੀ ਮੁਲਕਾਂ ਨਾਲ ਸਬੰਧਾਂ ਬਾਰੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਛੱਡ ਕੇ ਹੋਰਾਂ ਨਾਲ ਬਹੁਤ ਵਧੀਆ ਸਬੰਧ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਹੱਦ ਪਾਰ ਅਤਿਵਾਦ ਨੂੰ ਹਮਾਇਤ ਦੇ ਰਿਹਾ ਹੈ ਅਤੇ ਜਦੋਂ ਤੱਕ ਉਹ ਇਸ ਤੋਂ ਬਾਜ਼ ਨਹੀਂ ਆਉਂਦਾ, ਉਸ ਨਾਲ ਰਿਸ਼ਤਿਆਂ ’ਚ ਸੁਧਾਰ ਨਹੀਂ ਆ ਸਕਦਾ ਹੈ। ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਸ੍ਰੀਲੰਕਾ, ਮਿਆਂਮਾਰ ਅਤੇ ਅਫ਼ਗਾਨਿਸਤਾਨ ਨੂੰ ਸਹਾਇਤਾ ਦੇ ਕੇ ਸਬੰਧ ਸੁਧਾਰੇ ਹਨ।

Related posts

ਪਲੇਅਵੇਜ਼ ਸਕੂਲ ਦੀ ਏਂਜਲ ਪਟਿਆਲੇ ’ਚੋਂ ਅੱੱਵਲ

Current Updates

CISF ਨੇ ਭਾਖੜਾ ਡੈਮ ਦੀ ਕਮਾਨ ਸੰਭਾਲੀ!

Current Updates

ਭਾਰਤੀਆਂ ਨੂੰ ਅਮਰੀਕਾ ਵੱਲੋਂ ਹਥਕੜੀਆਂ ਲਾ ਕੇ ਦੇਸ਼ ਨਿਕਾਲਾ ਕਰਨਾ ਮਾੜੀ ਗੱਲ: ਭਗਵੰਤ ਮਾਨ

Current Updates

Leave a Comment