ਗਾਜ਼ਾ ਪੱਟੀ-ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਤਵਾਰ ਵੱਡੇ ਤੜਕੇ ਕਿਹਾ ਕਿ ਗਾਜ਼ਾ ਵਿਚ ਜੰਗਬੰਦੀ ਦਾ ਅਮਲ ਉਦੋਂ ਤੱਕ ਸ਼ੁਰੂ ਨਹੀਂ ਹੋਵੇਗਾ ਜਦੋਂ ਤੱਕ ਹਮਾਸ ਉਨ੍ਹਾਂ ਤਿੰਨ ਬੰਧਕਾਂ ਦੇ ਨਾਮ ਮੁਹੱਈਆ ਨਹੀਂ ਕਰਵਾਉਂਦਾ ਜਿਨ੍ਹਾਂ ਨੂੰ ਤਿੰਨ ਫ਼ਲਸਤੀਨੀ ਕੈਦੀਆਂ ਬਦਲੇ ਛੱਡਿਆ ਜਾਣਾ ਹੈ। ਇਜ਼ਰਾਈਲ ਨੇ ਐਲਾਨ ਕੀਤਾ ਕਿ ਉਸ ਨੂੰ ਆਪਣੇ ਫੌਜੀ ਓਰੋਨ ਸ਼ੌਲ ਦੀ ਲਾਸ਼ ਮਿਲ ਗਈ ਹੈ, ਜੋ 2014 ਇਜ਼ਰਾਈਲ-ਹਮਾਸ ਜੰਗ ਵਿਚ ਗੋਲੀਬੰਦੀ ਤੋਂ ਠੀਕ ਪਹਿਲਾਂ ਵਿਸ਼ੇਸ ਅਪਰੇਸ਼ਨ ਦੌਰਾਨ ਮਾਰਿਆ ਗਿਆ ਸੀ। 2014 ਦੀ ਜੰਗ ਮਗਰੋਂ ਸ਼ੌਲ ਤੇ ਇਕ ਹੋਰ ਇਜ਼ਰਾਇਲੀ ਫੌਜੀ ਹੈਦਰ ਗੋਲਡਿਨ ਦੀਆਂ ਦੇਹਾਂ ਗਾਜ਼ਾ ਵਿਚ ਰਹਿ ਗਈਆਂ ਸਨ। ਇਨ੍ਹਾਂ ਫੌਜੀਆਂ ਦੇ ਪਰਿਵਾਰਾਂ ਵੱਲੋਂ ਕੀਤੇ ਜਨਤਕ ਅੰਦੋਲਨਾਂ ਦੇ ਬਾਵਜੂਦ ਲਾਸ਼ਾਂ ਨਹੀਂ ਮੋੜੀਆਂ ਗਈਆਂ ਸਨ।
ਨੇਤਨਯਾਹੂ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ ਫੌਜ ਨੂੰ ਨਿਰਦੇਸ਼ ਦਿੱਤੇ ਹਨ ਕਿ ਜੰਗਬੰਦੀ, ਜੋ ਅੱਜ ਸਵੇਰੇ 8:30 ਵਜੇ ਲਾਗੂ ਹੋਣੀ ਸੀ, ‘ਉਦੋਂ ਤੱਕ ਸ਼ੁਰੂ ਨਹੀਂ ਹੋਵੇਗੀ ਜਦੋਂ ਤੱਕ ਇਜ਼ਰਾਈਲ ਨੂੰ ਹਮਾਸ ਵੱਲੋਂ ਛੱਡੇ ਜਾਣ ਵਾਲੇ ਬੰਧਕਾਂ ਦੀ ਸੂਚੀ ਨਹੀਂ ਮਿਲ ਜਾਂਦੀ…ਤੇ ਹਮਾਸ ਇਹ ਸੂਚੀ ਪ੍ਰਦਾਨ ਕਰਨ ਲਈ ਵਚਨਬੱਧ ਹੈ’। ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਇੱਕ ਰਾਤ ਪਹਿਲਾਂ ਵੀ ਇਸੇ ਤਰ੍ਹਾਂ ਦੀ ਚੇਤਾਵਨੀ ਜਾਰੀ ਕੀਤੀ ਸੀ। ਉਧਰ ਹਮਾਸ ਨੇ ਕਿਹਾ ਕਿ ਤਕਨੀਕੀ ਕਾਰਨਾਂ ਕਰਕੇ ਨਾਮ ਦੇਣ ਵਿਚ ਦੇਰੀ ਹੋ ਰਹੀ ਹੈ। ਹਮਾਸ ਨੇ ਕਿਹਾ ਕਿ ਉਹ ਪਿਛਲੇ ਹਫ਼ਤੇ ਐਲਾਨੇ ਜੰਗਬੰਦੀ ਕਰਾਰ ਨੂੰ ਅਮਲ ਵਿਚ ਲਿਆਉਣ ਲਈ ਵਚਨਬੱਧ ਹੈ। ਨੇਤਨਯਾਹੂ ਦੇ ਉਪਰੋਕਤ ਬਿਆਨ ਮਗਰੋਂ ਅੱਜ ਤੋਂ ਅਮਲ ਵਿਚ ਆਉਣ ਵਾਲੇ ਜੰਗਬੰਦੀ ਕਰਾਰ ਬਾਰੇ ਸ਼ੱਕ ਸ਼ੁੱਬ੍ਹੇ ਖੜ੍ਹੇ ਹੋਣ ਲੱਗੇ ਹਨ। ਜੰਗਬੰਦੀ ਦੇ ਪਹਿਲੇ ਗੇੜ ਤਹਿਤ ਗਾਜ਼ਾ ਤੋਂ 33 ਬੰਧਕਾਂ ਨੂੰ ਰਿਹਾਅ ਕੀਤਾ ਜਾਵੇਗਾ ਜਦੋਂਕਿ ਇਜ਼ਰਾਈਲ ਸੈਂਕੜੇ ਫ਼ਲਸਤੀਨੀ ਕੈਦੀਆਂ ਤੇ ਹੋਰ ਬੰਦੀਆਂ ਨੂੰ ਰਿਹਾਅ ਕਰੇਗਾ। ਇਜ਼ਰਾਇਲੀ ਫੌਜਾਂ ਗਾਜ਼ਾ ਅੰਦਰ ਬਫ਼ਰ ਜ਼ੋਨ ’ਚੋਂ ਪਿੱਛੇ ਹਟਣਗੀਆਂ ਤੇ ਘਰੋਂ ਬੇਘਰ ਹੋਏ ਫ਼ਲਸਤੀਨੀ ਘਰਾਂ ਨੂੰ ਮੁੜਨਗੇ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਪਿਛਲੇ 14 ਮਹੀਨਿਆਂ ਤੋਂ ਜਾਰੀ ਜੰਗ ਵਿਚ ਹੁਣ ਤੱਕ 46000 ਤੋਂ ਵੱਧ ਫ਼ਲਸਤੀਨੀਆਂ ਦੀ ਜਾਨ ਜਾਂਦੀ ਰਹੀ ਹੈ।