ਹਰ ਮਨੁੱਖ ਇਹ ਸਮਝਦਾ ਹੈ ਕਿ ਜੋ ਉਹ ਕਰ ਰਿਹਾ ਹੈ, ਉਹ ਸਭ ਤੋਂ ਚੰਗਾ ਹੈ। ਉਹ ਜਿਹੋ ਜਿਹੀ ਜ਼ਿੰਦਗੀ ਗੁਜ਼ਾਰ ਰਿਹਾ ਹੈ, ਉਸ ਤੋਂ ਚੰਗਾ ਕੁਝ ਨਹੀਂ ਹੋ ਸਕਦਾ। ਕਈ ਵਾਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਦਗੁਣਾਂ ਦਾ ਜ਼ਿੰਦਗੀ ਵਿਚ ਹੋਣਾ ਬਹੁਤ ਜ਼ਰੂਰੀ ਹੈ। ਮਨੁੱਖ ਇਹ ਭੁੱਲ ਜਾਂਦਾ ਹੈ ਕਿ ਜਦ ਉਸ ਅੰਦਰ ਘੁਮੰਡ ਪੈਦਾ ਹੋ ਜਾਂਦਾ ਹੈ ਤਾਂ ਫਿਰ ਉਸ ਦੇ ਕਦਮ ਉਸ ਨੂੰ ਪ੍ਰਭੂ ਤੋਂ ਦੂਰ ਲੈ ਕੇ ਜਾਂਦੇ ਹਨ। ਬਹੁਤੀ ਵਾਰ ਪ੍ਰਭੂ ਦੀ ਖੋਜ ਵਿਚ ਲੱਗੇ ਹੋਏ ਲੋਕਾਂ ਦੇ ਅੰਦਰ ਵੀ ਘੁਮੰਡ ਆ ਜਾਂਦਾ ਹੈ। ਇਨਸਾਨ ਸੋਚਣ ਲੱਗਦਾ ਹੈ ਕਿ ਮੈਂ ਬਹੁਤ ਦਾਨ-ਪੁੰਨ ਕੀਤਾ ਹੈ, ਮੈਂ ਬਹੁਤ ਸਾਰੇ ਤੀਰਥ ਅਸਥਾਨਾਂ ’ਤੇ ਗਿਆ ਹਾਂ, ਮੈਂ ਬਾਕਾਇਦਗੀ ਨਾਲ ਆਪਣੇ ਧਰਮ-ਅਸਥਾਨ ’ਤੇ ਜਾਂਦਾ ਹੈ ਤਾਂ ਫਿਰ ਕਿਉਂ ਉਸ ਦੇ ਕਦਮ ਉਸ ਨੂੰ ਪ੍ਰਭੂ ਤੋਂ ਦੂਰ ਲੈ ਕੇ ਜਾਂਦੇ ਹਨ। ਮਹਾਪੁਰਖ ਵਾਰ-ਵਾਰ ਸਾਨੂੰ ਇਹੀ ਸਮਝਾਉਂਦੇ ਹਨ ਕਿ ਅਸੀਂ ਅਜਿਹੀ ਜ਼ਿੰਦਗੀ ਗੁਜ਼ਾਰੀਏ ਜੋ ਨਿਮਰਤਾ ਨਾਲ ਭਰਪੂਰ ਹੋਵੇ। ਕੁਝ ਲੋਕਾਂ ਨੂੰ ਆਪਣੇ-ਆਪ ’ਤੇ ਬਹੁਤ ਘੁਮੰਡ ਹੁੰਦਾ ਹੈ, ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਕਾਰਨ ਹੀ ਸਭ ਕੁਝ ਹੋ ਰਿਹਾ ਹੈ। ਉਹ ਸੋਚਦੇ ਹਨ ਕਿ ਮੈਂ ਬਹੁਤ ਚੰਗਾ ਹਾਂ, ਮੈਂ ਬਹੁਤ ਪੜ੍ਹ-ਲਿਖ ਗਿਆ ਹਾਂ, ਮੈਂ ਬਹੁਤ ਸਾਰੇ ਪੈਸੇ ਕਮਾ ਲਏ ਹਨ, ਮੇਰਾ ਬਹੁਤ ਬੋਲਬਾਲਾ ਹੈ। ਕੁਝ ਅਜਿਹੇ ਵੀ ਲੋਕ ਹੁੰਦੇ ਹਨ ਜੋ ਸਿਰਫ਼ ਇਹ ਨਹੀਂ ਸਮਝਦੇ ਕਿ ਮੈਂ ਬਹੁਤ ਚੰਗਾ ਹਾਂ ਬਲਕਿ ਹੋਰਾਂ ਨੂੰ ਦੱਸਦੇ ਵੀ ਫਿਰਦੇ ਹਨ ਕਿ ਮੈਂ ਬਹੁਤ ਚੰਗਾ ਹਾਂ, ਮੇਰੇ ਕੋਲ ਬਹੁਤ ਸਾਰੇ ਪੈਸੇ ਹਨ, ਮੈਂ ਇਹ ਨਵੀਂ ਕਾਰ ਖ਼ਰੀਦੀ ਹੈ, ਮੈਂ ਫਲਾਣੀ ਥਾਂ ਸੈਰ ਕਰ ਕੇ ਆਇਆ ਹਾਂ, ਮੇਰੇ ਕੋਲ ਇਹ ਹੈ, ਮੇਰੇ ਕੋਲ ਉਹ ਹੈ। ਜ਼ਿਆਦਾਤਰ ਲੋਕ ਇਨ੍ਹਾਂ ਦੋ ਅਵਸਥਾਵਾਂ ਵਿਚ ਹੀ ਜਿਊਂਦੇ ਰਹਿੰਦੇ ਹਨ। ਆਪਣੇ ਹੰਕਾਰ ਨੂੰ ਕਾਬੂ ਵਿਚ ਨਾ ਰੱਖਿਆ ਜਾਵੇ ਤਾਂ ਫਿਰ ਮਨੁੱਖ ਸੱਚਾਈ ਵਾਲੀ ਜ਼ਿੰਦਗੀ ਨਹੀਂ ਗੁਜ਼ਾਰ ਸਕਦਾ ਕਿਉਂਕਿ ਜਿੱਥੇ ਘੁਮੰਡ ਆ ਜਾਂਦਾ ਹੈ, ਓਥੇ ਮਨੁੱਖ ਵਧ-ਚੜ੍ਹ ਕੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ, ਉਹ ਸੱਚਾਈ ਨੂੰ ਵੀ ਬਦਲ ਦਿੰਦਾ ਹੈ। ਉਸ ਦੀ ਜ਼ਿੰਦਗੀ ਸੱਚਾਈ ਤੋਂ ਦੂਰ ਹੋਣੀ ਸ਼ੁਰੂ ਹੋ ਜਾਂਦੀ ਹੈ। ਮਹਾਪੁਰਖ ਸਮਝਾਉਂਦੇ ਹਨ ਕਿ ਮਨੁੱਖ ਹੰਕਾਰ ’ਚ ਸੱਚਾਈ ਤੋਂ ਦੂਰ ਚਲਾ ਜਾਂਦਾ ਹੈ। ਉਸ ਨੂੰ ਅੰਦਰੋਂ ਲੱਗਦਾ ਹੈ ਕਿ ਸਭ ਉਸ ਦੀ ਵਾਹ-ਵਾਹ ਕਰਨ। ਕਿਸੇ ਦੀ ਮਦਦ ਕਰਨ ਦੀ ਥਾਂ ਉਹ ਇਨਸਾਨ ਆਪਣੀਆਂ ਸਿਫ਼ਤਾਂ ਆਪ ਹੀ ਕਰਨ ਲੱਗਦਾ ਹੈ। ਹੰਕਾਰ ਕਾਰਨ ਉਸ ਨੂੰ ਗੁੱਸਾ ਵੀ ਆਉਂਦਾ ਹੈ। ਅਧੂਰੇ ਤੇ ਬੇਤਰਤੀਬੇ ਵਿਕਾਸ ਨਾਲ ਅਸੀਂ ਆਪਣੀ ਮੰਜ਼ਿਲ ’ਤੇ ਨਹੀਂ ਪੁੱਜ ਸਕਦੇ।