November 7, 2026
ਖਾਸ ਖ਼ਬਰਰਾਸ਼ਟਰੀ

ਦਿੱਲੀ ਪੁਲਿਸ ਨੇ ਪੰਜਾਬ ਦੇ ਨਸ਼ਾ ਤਸਕਰ ਨੂੰ ਕਾਬੂ ਕੀਤਾ, ਜੋ 8 ਸਾਲਾਂ ਤੋਂ ਫਰਾਰ ਸੀ

ਦਿੱਲੀ ਪੁਲਿਸ ਨੇ ਪੰਜਾਬ ਦੇ ਨਸ਼ਾ ਤਸਕਰ ਨੂੰ ਕਾਬੂ ਕੀਤਾ, ਜੋ 8 ਸਾਲਾਂ ਤੋਂ ਫਰਾਰ ਸੀ

ਨਵੀਂ ਦਿੱਲੀ- ਦਿੱਲੀ ਪੁਲੀਸ ਨੇ 4 ਕਿਲੋ ਹੈਰੋਇਨ ਬਰਾਮਦਗੀ ਦੇ 2017 ਦੇ ਇੱਕ ਮਾਮਲੇ ਵਿੱਚ ਭਗੌੜਾ ਕਰਾਰ ਦਿੱਤੇ ਗਏ 56 ਸਾਲਾ ਨਸ਼ਾ ਤਸਕਰ ਨੂੰ 8 ਸਾਲਾਂ ਬਾਅਦ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮੁਲਜ਼ਮ ਦਰਬਾਰਾ ਸਿੰਘ ਉਰਫ਼ ਬਿੱਲਾ, ਜੋ ਸ਼ਹੀਦ ਭਗਤ ਸਿੰਘ ਨਗਰ (ਪੰਜਾਬ) ਦਾ ਰਹਿਣ ਵਾਲਾ ਹੈ, ਨੂੰ ਸਪੈਸ਼ਲ ਸੈੱਲ ਦੀ ਟੀਮ ਨੇ ਪਟਿਆਲਾ ਤੋਂ ਕਾਬੂ ਕੀਤਾ ਹੈ।

ਪੁਲੀਸ ਅਨੁਸਾਰ, ਦਰਬਾਰਾ ਸਿੰਘ ਨੂੰ 1 ਮਈ 2017 ਨੂੰ ਉਸਦੇ ਇੱਕ ਸਾਥੀ ਅਜੈ ਉਰਫ ਸੰਦੀਪ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਕੋਲੋਂ 4 ਕਿਲੋ ਹੈਰੋਇਨ ਬਰਾਮਦ ਹੋਈ ਸੀ। ਉਨ੍ਹਾਂ ਖਿਲਾਫ਼ ਸਪੈਸ਼ਲ ਸੈੱਲ ਪੁਲੀਸ ਸਟੇਸ਼ਨ ਵਿੱਚ ਐੱਨ ਡੀ ਪੀ ਐੱਸ ਐਕਟ ਦੀ ਧਾਰਾ 21 ਅਤੇ 29 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਇੱਕ ਹੋਰ ਮੁਲਜ਼ਮ ਬੂਟਾ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਟਰਾਇਲ ਦੌਰਾਨ ਦਰਬਾਰਾ ਸਿੰਘ ਨੂੰ ਅੰਤਰਿਮ ਜ਼ਮਾਨਤ ਮਿਲੀ, ਪਰ ਉਹ ਮੁੜ ਪੇਸ਼ ਨਹੀਂ ਹੋਇਆ। ਇਸ ਮਗਰੋਂ 31 ਅਕਤੂਬਰ 2018 ਨੂੰ ਅਦਾਲਤ ਨੇ ਉਸਨੂੰ ਭਗੌੜਾ ਕਰਾਰ ਦੇ ਦਿੱਤਾ ਸੀ। ਪੁਲੀਸ ਤੋਂ ਬਚਣ ਲਈ ਉਸਨੇ ਆਪਣਾ ਨਾਮ ਬਦਲ ਕੇ ‘ਦਰਵਾਰਾ ਰਾਮ’ ਰੱਖ ਲਿਆ ਅਤੇ ਮੱਧ ਪ੍ਰਦੇਸ਼, ਰਾਜਸਥਾਨ ਤੇ ਫਗਵਾੜਾ ਵਿੱਚ ਟਿਕਾਣੇ ਬਦਲਦਾ ਰਿਹਾ, ਪਰ ਅੰਤ ਵਿੱਚ ਪਟਿਆਲਾ ਤੋਂ ਫੜਿਆ ਗਿਆ।

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਪਿਛਲੇ ਕਰੀਬ 30 ਸਾਲਾਂ ਤੋਂ ਨਸ਼ਾ ਤਸਕਰੀ ਵਿੱਚ ਸ਼ਾਮਲ ਹੈ। ਉਹ 1996 ਵਿੱਚ ਪੰਜਾਬ ਦੇ ਇੱਕ ਨਸ਼ਾ ਸਪਲਾਇਰ ਦਿਆਲ ਸਿੰਘ ਰਾਹੀਂ ਇਸ ਧੰਦੇ ਵਿੱਚ ਆਇਆ ਸੀ। ਪੁਲੀਸ ਅਨੁਸਾਰ ਉਹ 1997 ਵਿੱਚ 7 ਹੋਰਨਾਂ ਸਾਥੀਆਂ ਸਮੇਤ ਮਾਹਿਲਪੁਰ (ਹੁਸ਼ਿਆਰਪੁਰ) ਵਿਖੇ 3 ਟਨ ਚੂਰਾ ਪੋਸਤ (ਭੁੱਕੀ), 1998 ਵਿੱਚ 4 ਹੋਰਨਾਂ ਸਾਥੀਆਂ ਸਮੇਤ ਫਿਲੌਰ (ਜਲੰਧਰ) ਵਿਖੇ 1,600 ਕਿਲੋ ਭੁੱਕੀ ਅਤੇ 2008 ਵਿੱਚ ਸਲੇਮ ਟਾਬਰੀ (ਲੁਧਿਆਣਾ) ਵਿਖੇ 680 ਕਿਲੋ ਭੁੱਕੀ ਸਮੇਤ ਗ੍ਰਿਫਤਾਰ ਹੋ ਚੁੱਕਾ ਹੈ।

ਇਨ੍ਹਾਂ ਤਿੰਨਾਂ ਕੇਸਾਂ ਵਿੱਚ ਉਸਨੂੰ ਸਜ਼ਾ ਹੋਈ ਸੀ, ਪਰ ਉਹ ਪੈਰੋਲ ‘ਤੇ ਆ ਕੇ ਫਰਾਰ ਹੋ ਗਿਆ ਸੀ। ਫਰਾਰੀ ਦੌਰਾਨ ਹੀ ਉਹ ਬੂਟਾ ਸਿੰਘ ਦੇ ਸੰਪਰਕ ਵਿੱਚ ਆਇਆ ਅਤੇ ਹੈਰੋਇਨ ਦੀ ਤਸਕਰੀ ਕਰਨ ਲੱਗ ਪਿਆ। ਇਸ ਦੌਰਾਨ ਉਹ ਖੁਦ ਵੀ ਨਸ਼ੇ ਦਾ ਆਦੀ ਹੋ ਗਿਆ। ਪੇਸ਼ੇ ਤੋਂ ਟਰੱਕ ਡਰਾਈਵਰ ਅਤੇ ਹੈਲਪਰ ਰਿਹਾ ਦਰਬਾਰਾ ਸਿੰਘ ਗ੍ਰਿਫਤਾਰੀ ਤੋਂ ਬਚਣ ਲਈ ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਪੰਜਾਬ ਵਿੱਚ ਘੁੰਮਦਾ ਰਹਿੰਦਾ ਸੀ ਅਤੇ ਸ਼ਾਇਦ ਹੀ ਕਦੇ ਆਪਣੇ ਪਰਿਵਾਰ ਨੂੰ ਮਿਲਣ ਜਾਂਦਾ ਸੀ। ਪੁਲੀਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।

Related posts

ਮੇਰੇ ’ਤੇ ਪਿਤਾ ਨੂੰ ਗੰਦੀ ਕਿਡਨੀ ਦੇਣ ਦੇ ਦੋਸ਼: ਰੋਹਿਨੀ

Current Updates

ਲਾਪਤਾ ਸਰੂਪ ਮਾਮਲਾ: ਸਿੱਟ ਵੱਲੋਂ ਕਾਹਲਵਾਂ ਵਿਚ ਛਾਪਾ

Current Updates

ਸ਼ਾਹਰੁਖ ਖਾਨ ਵਰਗੇ ਲੋਕ ਦੇਸ਼ਧ੍ਰੋਹੀ, ਭਾਰਤ ਦਾ ਖਾਂਦੇ ਅਤੇ ਪਾਕਿ-ਬੰਗਲਾਦੇਸ਼ ਦੇ ਗੁਣ ਗਾਉਂਦੇ

Current Updates

Leave a Comment