ਮਾਨਸਾ: ਪੰਜਾਬੀ ਸੰਗੀਤ ਜਗਤ ਦੇ ਚਰਚਿਤ ਗਾਇਕ ਲੇਟ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਕਾਲੀ ਹੁੱਡੀ’ ਰਿਲੀਜ਼ ਹੁੰਦੇ ਹੀ ਸਰੋਤਿਆਂ ਅਤੇ ਪ੍ਰਸ਼ੰਸਕਾਂ ਵਿਚਕਾਰ ਚਰਚਾ ਦਾ ਕੇਂਦਰ ਬਣ ਗਿਆ ਹੈ। ਇਸ ਗੀਤ ਦਾ ਇੰਤਜ਼ਾਰ ਦੁਨੀਆ ਭਰ ਵਿੱਚ ਫੈਲੇ ਉਨ੍ਹਾਂ ਦੇ ਚਾਹੁਣ ਵਾਲੇ ਬਹੁਤ ਸਮੇਂ ਤੋਂ ਕਰ ਰਹੇ ਸਨ। ਯੂਟਿਊਬ ਅਤੇ ਹੋਰ ਸੰਗੀਤਕ ਪਲੇਟਫਾਰਮਾਂ ’ਤੇ ਆਉਂਦੇ ਹੀ ਇਸ ਟਰੈਕ ਨੇ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਮਹਿਜ਼ ਦੋ ਘੰਟਿਆਂ ਦੇ ਅੰਦਰ ਹੀ ਇਸ ਨੂੰ 7 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ- ਗੀਤ ਦੇ ਰਿਲੀਜ਼ ਹੁੰਦਿਆਂ ਹੀ ਸੋਸ਼ਲ ਮੀਡੀਆ ’ਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵੱਲੋਂ ਜ਼ਬਰਦਸਤ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਪ੍ਰਸ਼ੰਸਕ ਆਪਣੇ ਚਹੇਤੇ ਗਾਇਕ ਦੀ ਆਵਾਜ਼ ਅਤੇ ਅੰਦਾਜ਼ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਵੱਖ-ਵੱਖ ਪਲੇਟਫਾਰਮਾਂ ‘ਤੇ ਇਸ ਦੇ ਸ਼ਾਰਟਸ ਅਤੇ ਰੀਲਾਂ ਸ਼ੇਅਰ ਕਰ ਰਹੇ ਹਨ। ਗੀਤ ਵਿੱਚ ਸਿੱਧੂ ਦਾ ਉਹੀ ਪੁਰਾਣਾ ਵੱਖਰਾ ਅੰਦਾਜ਼ ਅਤੇ ਠੁੱਕ ਦੇਖਣ-ਸੁਣਨ ਨੂੰ ਮਿਲ ਰਹੀ ਹੈ, ਜਿਸ ਕਾਰਨ ਇਹ ਗੀਤ ਤੇਜ਼ੀ ਨਾਲ ਟ੍ਰੈਂਡਿੰਗ ਵਿੱਚ ਸ਼ਾਮਲ ਹੋ ਰਿਹਾ ਹੈ।
ਦੁਨੀਆ ਭਰ ਵਿੱਚ ਟਰੈਂਡਿੰਗ- ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਵੀ ਉਨ੍ਹਾਂ ਦੇ ਗੀਤਾਂ ਦਾ ਕ੍ਰੇਜ਼ ਘੱਟ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਰਿਲੀਜ਼ ਹੋਏ ਉਨ੍ਹਾਂ ਦੇ ਸਾਰੇ ਗੀਤਾਂ ਵਾਂਗ ‘ਕਾਲੀ ਹੁੱਡੀ’ ਨੂੰ ਵੀ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਭਾਈਚਾਰੇ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੰਗੀਤ ਸਮੀਖਿਅਕਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਇਹ ਗੀਤ ਵਿਊਜ਼ ਦੇ ਮਾਮਲੇ ਵਿੱਚ ਹੋਰ ਕਈ ਵੱਡੇ ਰਿਕਾਰਡ ਤੋੜ ਸਕਦਾ ਹੈ।
