ਚੰਡੀਗੜ੍ਹ- ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕ ਨਵੇਂ ਕੱਪੜੇ, ਗਹਿਣੇ ਅਤੇ ਹੋਰ ਸਾਜ਼ੋ-ਸਾਮਾਨ ਖ਼ਰੀਦ ਕੇ ਖ਼ੂਬ ਤਿਆਰ ਹੁੰਦੇ ਹਨ। ਪਰ ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਵੀਡੀਓ ਨੇ ਇਸ ਗੱਲ ਨੂੰ ਲੈ ਕੇ ਨਵੀਂ ਬਹਿਸ ਛੇੜ ਦਿੱਤੀ ਹੈ ਕਿ ਤਿਉਹਾਰ ਖ਼ਤਮ ਹੋਣ ਤੋਂ ਬਾਅਦ ਇਨ੍ਹਾਂ ਖ਼ਰੀਦੀਆਂ ਗਈਆਂ ਚੀਜ਼ਾਂ ਦਾ ਅਸਲ ਵਿੱਚ ਕੀ ਹੁੰਦਾ ਹੈ। ਡਾਂਡੀਆ ਦਾ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਵਾਪਸ ਕੀਤੇ ਗਏ ਪਾਰਸਲਾਂ (Returns) ਦਾ ਇੱਕ ਵੱਡਾ ਢੇੇਰ ਦਿਖਾਉਂਦੀ ਇਸ ਵੀਡੀਓ ਨੇ ਸੋਸ਼ਲ ਮੀਡੀਆ ਯੂਜ਼ਰਜ਼ ਦਾ ਧਿਆਨ ਖਿੱਚਿਆ ਹੈ। ਬਹੁਤ ਸਾਰੇ ਲੋਕਾਂ ਨੇ ਸਵਾਲ ਉਠਾਇਆ ਹੈ ਕਿ ਕੀ ਕੁਝ ਗਾਹਕ ਈ-ਕਾਮਰਸ ਪਲੇਟਫਾਰਮਾਂ ਦੀਆਂ ‘ਰਿਟਰਨ ਪਾਲਿਸੀਆਂ’ (Return Policies) ਦੀ ਦੁਰਵਰਤੋਂ ਕਰ ਰਹੇ ਹਨ।
ਐਕਸ (X) ਯੂਜ਼ਰ ਨਿਸ਼ਾਂਤ (Nishant Chant) ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਰਿਹਾਇਸ਼ੀ ਕੰਪਲੈਕਸ ਦੇ ਬਾਹਰ ਪਾਰਸਲਾਂ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਸ਼ਿਪਿੰਗ ਲੇਬਲ ਅਤੇ ਬਾਰਕੋਡ ਵਾਲੇ ਇਹ ਪਾਰਸਲ ਇਮਾਰਤ ਦੇ ਸ਼ਟਰ ਹੇਠਾਂ ਅਤੇ ਬਾਹਰ ਖਿਲਰੇ ਪਏ ਹਨ। ਵੀਡੀਓ ਬਣਾਉਣ ਵਾਲਾ ਵਿਅਕਤੀ ਇੱਕ ਵੱਡਾ ਗੁਲਾਬੀ ਬੈਗ ਖੋਲ੍ਹਦਾ ਹੈ ਜੋ ਹੋਰ ਪਾਰਸਲਾਂ ਨਾਲ ਭਰਿਆ ਹੁੰਦਾ ਹੈ, ਜਦੋਂ ਕਿ ਚਿੱਟੇ ਕੱਟੇ ਵੀ ਵਾਪਸੀ ਵਾਲੇ ਸਮਾਨ ਨਾਲ ਭਰੇ ਦਿਖਾਈ ਦਿੰਦੇ ਹਨ।
ਇਸ ਭਾਰੀ ਮਾਤਰਾ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੁਝ ਲੋਕਾਂ ਨੇ ਸਿਰਫ਼ ਨਰਾਤੇ ਅਤੇ ਡਾਂਡੀਆ ਸਮਾਰੋਹਾਂ ਲਈ ਮਹਿੰਗੇ ਕੱਪੜੇ ਅਤੇ ਐਕਸੈਸਰੀਜ਼ ਆਰਡਰ ਕੀਤੇ ਅਤੇ ਤਿਉਹਾਰ ਮੁੱਕਣ ਤੋਂ ਬਾਅਦ ਉਨ੍ਹਾਂ ਨੂੰ ਵਾਪਸ (ਰਿਟਰਨ) ਕਰ ਦਿੱਤਾ। ਹਾਲਾਂਕਿ, ਇਨ੍ਹਾਂ ਰਿਟਰਨਾਂ ਦੇ ਅਸਲ ਕਾਰਨਾਂ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ।
ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ ਗਿਆ, “ਡਾਂਡੀਆ ਖ਼ਤਮ… ਡਰੈੱਸ ਰਿਟਰਨ। ਸ਼ਰਮਸਾਰ ਪੀੜ੍ਹੀ (Shameless generation)।” ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇੰਟਰਨੈੱਟ ’ਤੇ ਦੋ ਧਿਰਾਂ ਬਣ ਗਈਆਂ ਹਨ: ਕਈ ਯੂਜ਼ਰਜ਼ ਨੇ ਇਸ ਵਰਤਾਰੇ ਦੀ ਸਖ਼ਤ ਆਲੋਚਨਾ ਕੀਤੀ ਹੈ। ਇੱਕ ਯੂਜ਼ਰ ਨੇ ਲਿਖਿਆ, “ਕਿਸੇ ਤੋਂ ਸੁਣਿਆ ਸੀ ਕਿ ਜੇ ਮਹਿੰਗਾ ਲੱਗ ਰਿਹਾ ਹੈ ਤਾਂ ਇਵੈਂਟ ਤੋਂ ਬਾਅਦ ਵਾਪਸ ਕਰ ਦਿਓ।” ਇੱਕ ਹੋਰ ਨੇ ਚਿੰਤਾ ਪ੍ਰਗਟਾਈ ਕਿ ਅਜਿਹੇ ਲੋਕਾਂ ਕਾਰਨ ਅਸਲ ਗਾਹਕਾਂ ਲਈ ਵੀ ਰਿਟਰਨ ਪਾਲਿਸੀਆਂ ਸਖ਼ਤ ਹੋ ਜਾਣਗੀਆਂ। ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਇਹ ਲੋਕ ਭੋਲੇ-ਭਾਲੇ ਔਨਲਾਈਨ ਸੇਲਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਆਰਥਿਕ ਨੁਕਸਾਨ ਪਹੁੰਚਾ ਰਹੇ ਹਨ। ਦੂਜੇ ਪਾਸੇ, ਕੁਝ ਲੋਕਾਂ ਦਾ ਤਰਕ ਸੀ ਕਿ ਜੇਕਰ ਕੰਪਨੀਆਂ ਵੱਲੋਂ ਐਕਸਚੇਂਜ ਜਾਂ ਰਿਫੰਡ ਦਾ ਆਪਸ਼ਨ ਦਿੱਤਾ ਗਿਆ ਹੈ, ਤਾਂ ਗਾਹਕਾਂ ਨੂੰ ਇਸ ਦੀ ਵਰਤੋਂ ਕਰਨ ਦਾ ਪੂਰਾ ਹੱਕ ਹੈ।
