ਅੰਮ੍ਰਿਤਸਰ- ਯੂਰੀਆ ਖਾਦ ਦੀ ਦੁਰਵਰਤੋਂ ਰੋਕਣ ਲਈ ਚਲਾਈ ਜਾਂਚ ਮੁਹਿੰਮ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਜੀ ਐੱਸ ਟੀ ਇੰਟੈਲੀਜੈਂਸ ਨੇ ਸਾਂਝੀ ਕਾਰਵਾਈ ਕੀਤੀ। ਇਸ ਦੌਰਾਨ ਬੱਲ ਕਲਾਂ, ਮਜੀਠਾ ਰੋਡ ਸਥਿਤ ਮ੍ਰਿਧੁਲ ਕੈਮੀਕਲਜ਼ ਦੇ ਕੰਪਲੈਕਸ ’ਤੇ ਛਾਪਾ ਮਾਰਿਆ ਗਿਆ। ਇਸ ਮੌਕੇ ਖੇਤੀਬਾੜੀ ਵਿੱਚ ਵਰਤੀ ਜਾਣ ਵਾਲੀ ਯੂਰੀਆ ਖਾਦ ਦੇ ਲਗਭਗ 4,000 ਥੈਲੇ ਜ਼ਬਤ ਕੀਤੇ ਗਏ ਹਨ। ਇਹ ਯੂਰੀਆ ਖਾਦ ਹਿੰਦੁਸਤਾਨ ਫਰਟੀਲਾਈਜ਼ਰਜ਼ ਲਿਮਟਿਡ, ਰਾਸ਼ਟਰੀ ਕੈਮੀਕਲਜ਼ ਐਂਡ ਫਰਟੀਲਾਈਜ਼ਰਜ਼ ਲਿਮਟਿਡ ਅਤੇ ਕ੍ਰਿਭਕੋ ਫਰਟੀਲਾਈਜ਼ਰਜ਼ ਲਿਮਟਿਡ ਵੱਲੋਂ ਤਿਆਰ ਕੀਤੀ ਹੋਈ ਹੈ।
ਕਾਰਵਾਈ ਦੌਰਾਨ ਜੀ ਐੱਸ ਟੀ ਇੰਟੈਲੀਜੈਂਸ ਦੀ ਟੀਮ ਵੱਲੋਂ ਸਬੰਧਤ ਉਦਯੋਗਿਕ ਇਕਾਈ ਦੇ ਦਫ਼ਤਰੀ ਰਿਕਾਰਡ ਦੀ ਵੀ ਜਾਂਚ ਕੀਤੀ ਗਈ ਅਤੇ ਲੋੜੀਂਦੇ ਦਸਤਾਵੇਜ਼ ਕਬਜ਼ੇ ਵਿੱਚ ਲਏ ਗਏ। ਡੀ ਐੱਸ ਪੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਕੇਸ ਦਰਜ ਕਰ ਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਅਮਰਜੀਤ ਸਿੰਘ ਦੋਸਾਂਝ ਨੇ ਦੱਸਿਆ ਕਿ ਖੇਤੀਬਾੜੀ ਗ੍ਰੇਡ ਯੂਰੀਆ ਨਿਯਮਤ ਅਤੇ ਸਬਸਿਡੀਸ਼ੁਦਾ ਖਾਦ ਹੈ, ਜਿਸ ’ਤੇ ਕਿਸਾਨਾਂ ਦੀ ਸਹੂਲਤ ਲਈ ਸਰਕਾਰ ਵੱਲੋਂ ਭਾਰੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਕਾਰਨ ਇਸ ਦੀ ਵਰਤੋਂ ਖੇਤੀਬਾੜੀ ਦੇ ਕੰਮਾਂ ਲਈ ਹੀ ਕੀਤੀ ਜਾਣੀ ਮਨਜ਼ੂਰ ਹੈ। ਉਨ੍ਹਾਂ ਦੱਸਿਆ ਕਿ ਜ਼ਬਤ ਕੀਤੀ ਗਈ ਖਾਦ ਦੇ ਨਮੂਨੇ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਇਸ ਮੌਕੇ ਜੀ ਐੱਸ ਟੀ ਇੰਟੈਲੀਜੈਂਸ ਦੀ ਟੀਮ ਤੋਂ ਗਗਨ ਬਹਿਲ, ਪ੍ਰਸ਼ਾਂਤ ਜੋਸ਼ੀ (ਸੀਨੀਅਰ ਇੰਟੈਲੀਜੈਂਸ ਅਫਸਰ), ਨਵਦੀਪ ਸਿੱਧੂ ਅਤੇ ਅਮਰਿੰਦਰ ਸਿੰਘ (ਇੰਟੈਲੀਜੈਂਸ ਅਫਸਰ) ਹਾਜ਼ਰ ਸਨ।
