ਪਟਿਆਲਾ- ਭਾਰਤ ਅਤੇ ਬੇਲਾਰੂਸ ਦਰਮਿਆਨ ਉਦਯੋਗਿਕ ਨਿਰਮਾਣ, ਖੇਤੀਬਾੜੀ ਤਕਨਾਲੋਜੀ ਅਤੇ ਅਕਾਦਮਿਕ ਖੇਤਰ ਵਿੱਚ ਦੁਵੱਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਨਵੀਂ ਦਿੱਲੀ ਸਥਿਤ ਬੇਲਾਰੂਸ ਦੂਤਾਵਾਸ ਵਿਖੇ ਇੱਕ ਉੱਚ-ਪੱਧਰੀ ਕੂਟਨੀਤਕ ਬੈਠਕ ਹੋਈ। ਇਸ ਬੈਠਕ ਵਿੱਚ ਬੇਲਾਰੂਸੀਅਨ ਦੂਤਾਵਾਸ ਦੇ ਡਿਪਟੀ ਚੀਫ਼ ਆਫ਼ ਮਿਸ਼ਨ ਸਰਗੇਈ ਤ੍ਰੋਤਸਯੁਕ ਅਤੇ ਜੀਜੀਬੀਏ ਗਲੋਬਲ ਦੇ ਅੰਤਰਰਾਸ਼ਟਰੀ ਵਿਕਾਸ ਡਾਇਰੈਕਟਰ ਜਸ਼ਨਜੀਤ ਸਿੰਘ ਧਾਲੀਵਾਲ ਸ਼ਾਮਲ ਹੋਏ। ਇਸ ਮੁਲਾਕਾਤ ਦੌਰਾਨ ਦੋਵਾਂ ਧਿਰਾਂ ਵਿਚਕਾਰ ਯੂਰੋ-ਏਸ਼ੀਆਈ ਖੇਤਰ ਵਿੱਚ ਆਰਥਿਕ ਸਾਂਝ ਅਤੇ ਲੋਕਾਂ ਦੇ ਆਪਸੀ ਸੰਪਰਕ ਨੂੰ ਉਤਸ਼ਾਹਿਤ ਕਰਨ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ, ਜੋ ਕਿ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੈਂਕੋ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਂਝੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦੀ ਹੈ। ਜਸ਼ਨਜੀਤ ਸਿੰਘ ਧਾਲੀਵਾਲ ਵੱਲੋਂ ਉੱਤਰੀ ਭਾਰਤ ਨਾਲ ਸਬੰਧਾਂ ਨੂੰ ਮਜਬੂਤ ਕਰਨ ਹਿੱਤ ਚੰਡੀਗੜ੍ਹ ਵਿੱਚ ਬੇਲਾਰੂਸ ਦਾ ਇੱਕ ਨਵਾਂ ਕੌਂਸਲੇਟ ਜਨਰਲ ਖੋਲ੍ਹਣ ਦੀ ਰਸਮੀ ਤਜਵੀਜ਼ ਰੱਖੀ ਗਈ। ਇਹ ਦਫ਼ਤਰ ਦੱਖਣੀ ਭਾਰਤ ਲਈ ਮੁੰਬਈ ਸਥਿਤ ਕੌਂਸਲੇਟ ਜਨਰਲ ਅਤੇ ਨਵੀਂ ਦਿੱਲੀ ਸਥਿਤ ਮੁੱਖ ਦੂਤਾਵਾਸ ਦੇ ਨਾਲ ਮਿਲ ਕੇ ਕੰਮ ਕਰੇਗਾ। ਬੇਲਾਰੂਸ ਦੀ ਵਿਸ਼ਵ ਪ੍ਰਸਿੱਧ ਟਰੈਕਟਰ ਤਕਨਾਲੋਜੀ ਨੂੰ ਭਾਰਤ ਵਿੱਚ ਮੁੜ ਲਿਆਉਣ ਲਈ ਸਥਾਨਕ ਅਸੈਂਬਲਿੰਗ ਅਤੇ ਨਿਰਮਾਣ ਭਾਈਵਾਲੀ ਦੀਆਂ ਸੰਭਾਵਨਾਵਾਂ ‘ਤੇ ਗੱਲਬਾਤ ਕੀਤੀ ਗਈ, ਜਿਸ ਨਾਲ ‘ਮੇਕ ਇਨ ਇੰਡੀਆ’ ਮੁਹਿੰਮ ਨੂੰ ਵੀ ਹੁਲਾਰਾ ਮਿਲੇਗਾ। ਧਾਲੀਵਾਲ ਨੇ ਕਿਹਾ, “ਸਾਡੀ ਇਹ ਗੱਲਬਾਤ ਯੂਰਪ ਅਤੇ ਏਸ਼ੀਆ ਵਿੱਚ ਦੁਵੱਲੇ ਵਿਜ਼ਨ ਨੂੰ ਅਸਲ ਆਰਥਿਕ ਪ੍ਰੋਜੈਕਟਾਂ ਵਿੱਚ ਬਦਲਣ ਦੀ ਦਿਸ਼ਾ ਵਿੱਚ ਇੱਕ ਵੱਡਾ ਮੀਲ ਪੱਥਰ ਹੈ। ਬੇਲਾਰੂਸ ਦੀ ਨਾਮਵਰ ਤਕਨਾਲੋਜੀ ਨੂੰ ਭਾਰਤ, ਖ਼ਾਸ ਕਰਕੇ ਪੰਜਾਬ ਵਰਗੇ ਖੇਤਰਾਂ ਦੀ ਉਦਯੋਗਿਕ ਅਤੇ ਖੇਤੀ ਸਮਰੱਥਾ ਨਾਲ ਜੋੜ ਕੇ ਅਸੀਂ ਆਪਸੀ ਵਿਕਾਸ ਦਾ ਇੱਕ ਨਵਾਂ ਖਾਕਾ ਤਿਆਰ ਕਰ ਰਹੇ ਹਾਂ।’
previous post
