ਮੁੰਬਈ- ‘ਬਿੱਗ ਬੌਸ 20’ ਦੇ ‘ਵੀਕੈਂਡ ਕਾ ਵਾਰ’ ਐਪੀਸੋਡ ਦੌਰਾਨ ਸ਼ੋਅ ਦੇ ਹੋਸਟ ਅਤੇ ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਬੇਹੱਦ ਗੁੱਸੇ ਵਾਲੇ ਮੂਡ ਵਿੱਚ ਨਜ਼ਰ ਆਏ। ਸਲਮਾਨ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਮਸ਼ਹੂਰ ਸ਼ਖ਼ਸੀਅਤਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਟਰੋਲਰਾਂ ਦੀ ਜੰਮ ਕੇ ਕਲਾਸ ਲਗਾਈ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਅਦਾਕਾਰਾ ਕੈਟਰੀਨਾ ਕੈਫ ਦਾ ਬਚਾਅ ਕੀਤਾ, ਜਿਸ ਨੂੰ ਹਾਲ ਹੀ ਵਿੱਚ ਮਾਂ ਬਣਨ ਤੋਂ ਬਾਅਦ ਵਧੇ ਵਜ਼ਨ (ਪੋਸਟ-ਪ੍ਰੈਗਨੈਂਸੀ ਵੇਟ ਗੇਨ) ਕਾਰਨ ਸੋਸ਼ਲ ਮੀਡੀਆ ’ਤੇ ਭੱਦੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ।
ਸਲਮਾਨ ਖ਼ਾਨ ਨੇ ਕਿਹਾ ਕਿ ਸੋਸ਼ਲ ਮੀਡੀਆ ਅੱਜ ਦੇ ਸਮੇਂ ਵਿੱਚ ਰੁਜ਼ਗਾਰ ਦਾ ਇੱਕ ਵੱਡਾ ਜ਼ਰੀਆ ਬਣ ਚੁੱਕਾ ਹੈ ਅਤੇ ਲੱਖਾਂ ਲੋਕ ਇਸ ਤੋਂ ਕਮਾਈ ਕਰ ਰਹੇ ਹਨ, ਪਰ ਕੁਝ ਲੋਕ ਦੂਜਿਆਂ ਨੂੰ ਨੀਵਾਂ ਦਿਖਾ ਕੇ ਪੈਸੇ ਕਮਾਉਣ ਦੀ ਨਕਾਰਾਤਮਕ ਮਾਨਸਿਕਤਾ ਦੇ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਕ ਕਿਸੇ ਦੇ ਸਰੀਰ, ਰੂਪ-ਰੰਗ, ਪਰਿਵਾਰ ਅਤੇ ਇੱਥੋਂ ਤੱਕ ਕਿ ਮਾਂ ਬਣਨ ’ਤੇ ਵੀ ਨਕਾਰਾਤਮਕ ਟਿੱਪਣੀਆਂ ਕਰਨ ਤੋਂ ਬਾਜ਼ ਨਹੀਂ ਆਉਂਦੇ। ਜ਼ਿਆਦਾਤਰ ਟਰੋਲਰ ਸੋਸ਼ਲ ਮੀਡੀਆ ’ਤੇ ਆਪਣੇ ਅਸਲੀ ਚਿਹਰੇ ਜਾਂ ਪਛਾਣ ਨੂੰ ਲੁਕਾਉਂਦੇ ਹਨ, ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਹ ਖ਼ੁਦ ਆਪਣੇ ਆਪ ਤੋਂ ਸ਼ਰਮਿੰਦਾ ਹਨ।
ਕੈਟਰੀਨਾ ਕੈਫ ਦੇ ਪੱਖ ’ਚ ਬੋਲਦਿਆਂ ਸਲਮਾਨ ਖ਼ਾਨ ਨੇ ਕਿਹਾ ਕਿ ਗਰਭ ਅਵਸਥਾ ਤੋਂ ਬਾਅਦ ਵਜ਼ਨ ਵਧਣਾ ਇੱਕ ਕੁਦਰਤੀ ਪ੍ਰਕਿਰਿਆ ਹੈ ਅਤੇ ਹਰ ਔਰਤ ਨਾਲ ਅਜਿਹਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੰਵੇਦਨਸ਼ੀਲ ਮੁੱਦੇ ’ਤੇ ਕਿਸੇ ਨੂੰ ਟਰੋਲ ਕਰਨਾ ਬਹੁਤ ਹੀ ਸ਼ਰਮਨਾਕ ਅਤੇ ਘਟੀਆ ਹਰਕਤ ਹੈ। ਜਦੋਂ ਕੈਟਰੀਨਾ ਫ਼ਿਲਮਾਂ ਦੀ ਸ਼ੂਟਿੰਗ ਮੁੜ ਸ਼ੁਰੂ ਕਰੇਗੀ ਤਾਂ ਉਹ ਖ਼ੁਦ ਨੂੰ ਫਿੱਟ ਕਰ ਲਵੇਗੀ, ਫਿਲਹਾਲ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਸਲਮਾਨ ਖ਼ਾਨ ਨੇ ਆਪਣੀ ਉਮਰ ’ਤੇ ਹੋਣ ਵਾਲੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ 60 ਸਾਲ ਦੇ ਹੋ ਚੁੱਕੇ ਹਨ ਅਤੇ ਹਮੇਸ਼ਾ ‘ਮੈਂਨੇ ਪਿਆਰ ਕੀਆ’ ਵਾਲੀ ਉਮਰ ’ਚ ਨਹੀਂ ਰਹਿ ਸਕਦੇ। ਉਨ੍ਹਾਂ ਸੋਸ਼ਲ ਮੀਡੀਆ ’ਤੇ ਫੈਲ ਰਹੀ ਨਕਾਰਾਤਮਕਤਾ ਅਤੇ ਪੈਪਰਾਜ਼ੀ ਕਲਚਰ ’ਤੇ ਵੀ ਚਿੰਤਾ ਪ੍ਰਗਟਾਈ।
