September 11, 2026
ਖਾਸ ਖ਼ਬਰਪੰਜਾਬਰਾਸ਼ਟਰੀ

ਉਰਦੂ ਭਾਸ਼ਾ ਦੇ ਅਧਿਆਪਕ ਡਾ. ਮੁਦੱਸਿਰ ਰਸ਼ੀਦ ਸਨਮਾਨਿਤ

ਉਰਦੂ ਭਾਸ਼ਾ ਦੇ ਅਧਿਆਪਕ ਡਾ. ਮੁਦੱਸਿਰ ਰਸ਼ੀਦ ਸਨਮਾਨਿਤ

ਪਟਿਆਲਾ-  ਭਾਸ਼ਾ ਵਿਭਾਗ ਵੱਲੋਂ ਚਲਾਏ ਜਾ ਰਹੇ ਉਰਦੂ ਆਮੋਜ਼ ਕੋਰਸ ਦੇ ਵਿਦਿਆਰਥੀਆਂ ਵੱਲੋਂ ਭਾਸ਼ਾ ਭਵਨ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਨਿਯੁਕਤ ਉਰਦੂ ਭਾਸ਼ਾ ਦੇ ਅਧਿਆਪਕ ਡਾ. ਮੁਦੱਸਿਰ ਰਸ਼ੀਦ ਨੂੰ ਉਨ੍ਹਾਂ ਦੀਆਂ ਸਿੱਖਿਆ ਸੇਵਾਵਾਂ ਅਤੇ ਉਰਦੂ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਆਲ ਇੰਡੀਆ ਰੇਡੀਓ ਦੀ ਉਦਘੋਸ਼ਿਕਾ ਅੰਮ੍ਰਿਤਪਾਲ ਕੌਰ ਅਮਨ ਨੇ ਡਾ. ਮੁਦੱਸਿਰ ਰਸ਼ੀਦ ਦੀ ਸ਼ਖ਼ਸੀਅਤ ਅਤੇ ਵਿਦਵਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜੰਮੂ-ਕਸ਼ਮੀਰ ਦੇ ਅਨੰਤਨਾਗ ਨਾਲ ਸਬੰਧਤ ਡਾ. ਰਸ਼ੀਦ ਉਰਦੂ ਭਾਸ਼ਾ ਅਤੇ ਸਾਹਿਤ ਦੇ ਸਮਰਪਿਤ ਵਿਦਵਾਨ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਫ਼ਾਰਸੀ-ਉਰਦੂ-ਅਰਬੀ ਵਿਭਾਗ ਤੋਂ ਉਰਦੂ ਵਿਸ਼ੇ ਵਿੱਚ ਪੀਐਚ.ਡੀ. ਕੀਤੀ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਡਾ. ਰਸ਼ੀਦ ਆਪਣੀ ਵਿਦਵਤਾ, ਸਾਦਗੀ, ਮਿੱਠੇ ਵਿਹਾਰ ਅਤੇ ਵਿਦਿਆਰਥੀ-ਕੇਂਦਰਿਤ ਅਧਿਆਪਨ ਸ਼ੈਲੀ ਕਾਰਨ ਵਿਦਿਆਰਥੀਆਂ ਵਿੱਚ ਬਹੁਤ ਹਰਮਨਪਿਆਰੇ ਹਨ। ਉਨ੍ਹਾਂ ਦੀ ਰਹਿਨੁਮਾਈ ਹੇਠ ਉਰਦੂ ਆਮੋਜ਼ ਕੋਰਸ ਦੇ ਵਿਦਿਆਰਥੀਆਂ ਵਿੱਚ ਭਾਸ਼ਾ ਪ੍ਰਤੀ ਰੁਚੀ ਅਤੇ ਆਤਮਵਿਸ਼ਵਾਸ ਲਗਾਤਾਰ ਵਧ ਰਿਹਾ ਹੈ।
ਵਿਜੈ ਕੁਮਾਰ ਸ਼ਰਮਾ ਅਤੇ ਪਰਮਜੀਤ ਕੌਰ ਨੇ ਅਧਿਆਪਕ ਦਿਵਸ ਦੇ ਇਤਿਹਾਸ, ਮਹੱਤਤਾ ਅਤੇ ਸਮਾਜ ਨਿਰਮਾਣ ਵਿੱਚ ਅਧਿਆਪਕਾਂ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਅਨਿਲ ਕੁਮਾਰ ਗੋਇਲ, ਅਰਸ਼ਪ੍ਰੀਤ ਕੌਰ, ਸੁਨੀਤਾ ਸਿੰਗਲਾ, ਮੋਨਿਕਾ, ਪ੍ਰੀਤਮ ਚੰਦ, ਕਰਮਨਜੋਤ ਕੌਰ ਅਤੇ ਅਦੀਸ਼ ਬਜਾਜ ਨੇ ਸ਼ਾਇਰੀ, ਕਵਿਤਾ, ਗੀਤ ਅਤੇ ਭਾਸ਼ਣ ਪੇਸ਼ ਕਰਦਿਆਂ ਡਾ. ਮੁਦੱਸਿਰ ਰਸ਼ੀਦ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕੀਤਾ ਅਤੇ ਉਨ੍ਹਾਂ ਦੀਆਂ ਅਧਿਆਪਨ ਸੇਵਾਵਾਂ ਦੀ ਸ਼ਲਾਘਾ ਕੀਤੀ।
ਸਨਮਾਨ ਪ੍ਰਾਪਤ ਕਰਨ ਉਪਰੰਤ ਡਾ. ਮੁਦੱਸਿਰ ਰਸ਼ੀਦ ਨੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਧਿਆਪਕ ਲਈ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ ਕਿ ਉਸ ਦੇ ਵਿਦਿਆਰਥੀ ਉਸ ਪ੍ਰਤੀ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕਰਨ। ਉਨ੍ਹਾਂ ਕਿਹਾ ਕਿ ਅਧਿਆਪਕ ਦਿਵਸ ਸਾਨੂੰ ਆਪਣੇ ਉਸਤਾਦਾਂ ਦੇ ਯੋਗਦਾਨ ਨੂੰ ਯਾਦ ਕਰਨ ਦਾ ਮੌਕਾ ਦਿੰਦਾ ਹੈ। ਉਨ੍ਹਾਂ ਆਪਣੇ ਸਾਰੇ ਅਧਿਆਪਕਾਂ ਪ੍ਰਤੀ ਵੀ ਡੂੰਘਾ ਸਤਿਕਾਰ ਜਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪ੍ਰਾਪਤ ਕੀਤੀ ਹਰ ਸਫ਼ਲਤਾ ਵਿੱਚ ਉਨ੍ਹਾਂ ਦੇ ਅਧਿਆਪਕਾਂ ਦੀ ਰਹਿਨੁਮਾਈ ਅਤੇ ਅਸ਼ੀਰਵਾਦ ਦਾ ਅਹਿਮ ਯੋਗਦਾਨ ਹੈ।
ਸਮਾਗਮ ਦੌਰਾਨ ਅਧਿਆਪਕ ਅਤੇ ਵਿਦਿਆਰਥੀ ਦੇ ਪਵਿੱਤਰ ਰਿਸ਼ਤੇ ਨੂੰ ਯਾਦ ਕਰਦਿਆਂ ਸਿੱਖਿਆ ਦੇ ਖੇਤਰ ਵਿੱਚ ਅਧਿਆਪਕਾਂ ਦੀ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਗੁਰਸੇਵਕ ਸਿੰਘ, ਡਾ. ਭਜਨ ਸਿੰਘ, ਡਾ. ਸਵਰਣ ਸਿੰਘ ਮਾਨ, ਗੁਰਦੀਪ ਸਿੰਘ ਅਤੇ ਉਰਦੂ ਆਮੋਜ਼ ਕੋਰਸ ਦੇ ਹੋਰ ਵਿਦਿਆਰਥੀ ਵੀ ਹਾਜ਼ਰ ਸਨ। ਸਮਾਗਮ ਸੁਹਿਰਦ ਅਤੇ ਭਾਵਪੂਰਤ ਮਾਹੌਲ ਵਿੱਚ ਸੰਪੰਨ ਹੋਇਆ।

Related posts

ਪਰਾਲੀ ਸਾੜਨ ’ਤੇ ਕੇਂਦਰ ਨੇ ਦੁੱਗਣਾ ਕੀਤਾ ਜੁਰਮਾਨਾ, ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਜਾਰੀ ਕੀਤਾ ਨਵਾਂ ਨੋਟੀਫਿਕੇਸ਼

Current Updates

ਸੀਬੀਆਈ ਵੱਲੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ

Current Updates

ਸੰਵਿਧਾਨ ਦੀ ਰੱਖਿਆ ਕਰਦੀ ਰਹੇਗੀ ਆਪਃਤੇਜਿੰਦਰ ਮਹਿਤਾ

Current Updates

Leave a Comment