ਚੰਡੀਗੜ੍ਹ- ਅੰਗ ਦਾਨ ਕਿਵੇਂ ਕਿਸੇ ਬੁਝਦੇ ਹੋਏ ਦੀਵੇ ਨੂੰ ਮੁੜ ਰੌਸ਼ਨ ਕਰ ਸਕਦਾ ਹੈ, ਇਸ ਦੀ ਇੱਕ ਭਾਵੁਕ ਅਤੇ ਮਿਸਾਲੀ ਤਸਵੀਰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈ) ਚੰਡੀਗੜ੍ਹ ਵਿਖੇ ਦੇਖਣ ਨੂੰ ਮਿਲੀ। ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲੀ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੂਲੋਵਾਲ ਦੀ 20 ਸਾਲਾ ਹੋਣਹਾਰ ਧੀ ਕਰਨਵੀਰ ਕੌਰ ਦੇ ਗੁਰਦਿਆਂ (ਕਿਡਨੀਆਂ) ਨੇ ਦੋ ਵਿਅਕਤੀਆਂ (ਉਮਰ 38 ਅਤੇ 32 ਸਾਲ) ਨੂੰ ਨਵਾਂ ਜੀਵਨ ਬਖ਼ਸ਼ਿਆ ਹੈ।
ਜਗਦੀਪ ਸਿੰਘ ਦੀ ਹੋਣਹਾਰ ਧੀ ਕਰਨਵੀਰ ਕੌਰ ਨੇ ਹਾਲ ਹੀ ਵਿੱਚ 12ਵੀਂ ਦੀ ਪੜ੍ਹਾਈ ਮੁਕੰਮਲ ਕੀਤੀ ਸੀ ਅਤੇ IELTS ਪਾਸ ਕਰਕੇ ਆਪਣੇ ਸੁਪਨਿਆਂ ਨੂੰ ਪਰਵਾਜ਼ ਦੇਣ ਲਈ ਵਿਦੇਸ਼ ਜਾਣ ਦੀਆਂ ਤਿਆਰੀਆਂ ਕਰ ਰਹੀ ਸੀ। 15 ਅਕਤੂਬਰ ਨੂੰ ਉਹ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਧੂਰੀ ਅਤੇ ਲੁਧਿਆਣਾ ਦੇ ਹਸਪਤਾਲਾਂ ਵਿੱਚ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ 16 ਅਕਤੂਬਰ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਸੀ। ਡਾਕਟਰੀ ਮਾਹਿਰਾਂ ਦੀ ਟੀਮ ਵੱਲੋਂ ਨਿਰਧਾਰਤ ਜਾਂਚ-ਪੜਤਾਲ ਤੋਂ ਬਾਅਦ 21 ਅਕਤੂਬਰ ਨੂੰ ਉਸ ਨੂੰ ‘ਬ੍ਰੇਨ ਸਟੈੱਮ ਡੈੱਡ’ (ਦਿਮਾਗੀ ਤੌਰ ’ਤੇ ਮ੍ਰਿਤਕ) ਐਲਾਨ ਦਿੱਤਾ ਗਿਆ। ਧੀ ਦੇ ਜਾਣ ਦੇ ਅਸਹਿ ਦੁੱਖ ਅਤੇ ਸਦਮੇ ਦੇ ਬਾਵਜੂਦ ਉਸ ਦੇ ਪਿਤਾ ਜਗਦੀਪ ਸਿੰਘ ਨੇ ਅਡੋਲ ਰਹਿੰਦਿਆਂ ਅੰਗ ਦਾਨ ਕਰਨ ਦੀ ਹਾਮੀ ਭਰੀ। ਉਨ੍ਹਾਂ ਦੇ ਇਸ ਦਲੇਰਾਨਾ ਅਤੇ ਪਰਉਪਕਾਰੀ ਫ਼ੈਸਲੇ ਸਦਕਾ ਪੀਜੀਆਈ ਦੇ ਡਾਕਟਰਾਂ ਨੇ ਕਰਨਵੀਰ ਦੇ ਦੋਵੇਂ ਗੁਰਦੇ ਦੋ ਲੋੜਵੰਦ ਮਰੀਜ਼ਾਂ ਵਿੱਚ ਸਫ਼ਲਤਾਪੂਰਵਕ ਟਰਾਂਸਪਲਾਂਟ ਕਰ ਦਿੱਤੇ, ਜਿਸ ਨਾਲ ਦੋ ਪਰਿਵਾਰਾਂ ਦੇ ਘਰਾਂ ਵਿੱਚ ਮੁੜ ਖ਼ੁਸ਼ੀਆਂ ਪਰਤ ਆਈਆਂ।
ਭਾਵੁਕ ਹੁੰਦਿਆਂ ਜਗਦੀਪ ਸਿੰਘ ਨੇ ਕਿਹਾ, “ਹਰ ਮਾਤਾ-ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹ-ਲਿਖ ਕੇ ਆਪਣੇ ਪੈਰਾਂ ’ਤੇ ਖੜ੍ਹਾ ਹੋਵੇ। ਕਰਨਵੀਰ ਨੇ ਆਈਲੈਟਸ ਪਾਸ ਕੀਤੀ ਹੋਈ ਸੀ ਅਤੇ ਉਹ ਬਾਹਰਲੇ ਮੁਲਕ ਜਾਣ ਦੀ ਤਿਆਰੀ ਕਰ ਰਹੀ ਸੀ। ਅਸੀਂ ਉਸ ਦੇ ਭਵਿੱਖ ਲਈ ਬਹੁਤ ਸਾਰੇ ਸੁਪਨੇ ਦੇਖੇ ਸਨ। ਇਹ ਕਬੂਲ ਕਰਨਾ ਕਿ ਉਹ ਹੁਣ ਕਦੇ ਵਾਪਸ ਨਹੀਂ ਆਵੇਗੀ, ਸ਼ਬਦਾਂ ਤੋਂ ਪਰ੍ਹੇ ਦਾ ਦਰਦ ਹੈ। ਪਰ ਜੇ ਮੇਰੀ ਧੀ ਦਾ ਕੋਈ ਅੰਗ ਕਿਸੇ ਹੋਰ ਦੇ ਅੰਦਰ ਜਿਊਂਦਾ ਰਹਿ ਸਕਦਾ ਹੈ ਅਤੇ ਦੋ ਪਰਿਵਾਰਾਂ ਦੇ ਬੁੱਲ੍ਹਾਂ ’ਤੇ ਮੁਸਕਾਨ ਲਿਆ ਸਕਦਾ ਹੈ, ਤਾਂ ਮੇਰੀ ਧੀ ਦੀ ਹੋਂਦ ਦੁਨੀਆ ਵਿੱਚ ਸਾਰਥਕ ਰਹੇਗੀ। ਅਸੀਂ ਆਪਣੀ ਧੀ ਤਾਂ ਗੁਆ ਲਈ ਹੈ, ਪਰ ਸਾਨੂੰ ਤਸੱਲੀ ਹੈ ਕਿ ਉਸ ਦਾ ਦਿੱਤਾ ਇਹ ਤੋਹਫ਼ਾ ਦੂਜਿਆਂ ਨੂੰ ਜਿਊਣ ਅਤੇ ਨਵੇਂ ਸੁਪਨੇ ਦੇਖਣ ਦੀ ਉਮੀਦ ਦੇਵੇਗਾ।”
ਪੀਜੀਆਈ ਦੇ ਡਾਇਰੈਕਟਰ ਪ੍ਰੋਫ਼ੈਸਰ ਵਿਵੇਕ ਲਾਲ ਨੇ ਪੀੜਤ ਪਰਿਵਾਰ ਦੇ ਇਸ ਵੱਡੇ ਜੇਕਰੇ ਅਤੇ ਮਨੁੱਖੀ ਜਜ਼ਬੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਰਿਵਾਰ ਨੇ ਡੂੰਘੇ ਨਿੱਜੀ ਸੋਗ ਦੇ ਵੇਲੇ ਅੰਗ ਦਾਨ ਦਾ ਰਾਹ ਚੁਣ ਕੇ ਬੇਮਿਸਾਲ ਹੌਸਲਾ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿਸੇ ਨੌਜਵਾਨ ਧੀ ਦੇ ਤੁਰ ਜਾਣ ਦੇ ਘਾਟੇ ਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ, ਪਰ ਉਸ ਦੀ ਦੇਣ ਜ਼ਿੰਦਗੀ ਭਰ ਦਿਲਾਂ ਵਿੱਚ ਜ਼ਿੰਦਾ ਰਹੇਗੀ।
ਪੀਜੀਆਈ ਦੇ ਨੈਫ਼ਰੋਲੋਜੀ ਵਿਭਾਗ ਦੇ ਮੁਖੀ ਪ੍ਰੋ. ਐੱਚ.ਐੱਸ. ਕੋਹਲੀ ਅਤੇ ਰੀਨਲ ਟਰਾਂਸਪਲਾਂਟੇਸ਼ਨ ਵਿਭਾਗ ਦੇ ਮੁਖੀ ਪ੍ਰੋ. ਆਸ਼ੀਸ਼ ਸ਼ਰਮਾ ਨੇ ਦੱਸਿਆ ਕਿ ਗੁਰਦੇ ਫ਼ੇਲ੍ਹ ਹੋਣ ਦੀ ਆਖ਼ਰੀ ਸਟੇਜ ਵਾਲੇ ਮਰੀਜ਼ਾਂ ਲਈ ਢੁਕਵਾਂ ਅੰਗ ਮਿਲਣਾ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ ਅਤੇ ਅਜਿਹੇ ਦਾਨੀ ਪਰਿਵਾਰਾਂ ਦੀ ਖ਼ੁਲ੍ਹਦਿਲੀ ਹੀ ਮਰੀਜ਼ਾਂ ਨੂੰ ਦੂਜੀ ਜ਼ਿੰਦਗੀ ਦਿੰਦੀ ਹੈ। ਟਰਾਂਸਪਲਾਂਟ ਕੋਆਰਡੀਨੇਟਰ ਡਾ. ਨਵਦੀਪ ਬਾਂਸਲ ਅਤੇ ਰੋਟੋ (ROTTO) ਨਾਰਥ ਦੇ ਨੋਡਲ ਅਫ਼ਸਰ ਡਾ. ਵਿਜੈ ਤਾੜੀਆ ਨੇ ਕਿਹਾ ਕਿ ਅਜਿਹੇ ਦੁਖਦਾਈ ਸਮੇਂ ਪਰਿਵਾਰ ਦੀ ਕੌਂਸਲਿੰਗ ਅਤੇ ਫ਼ੈਸਲਾ ਲੈਣ ਦੀ ਪ੍ਰਕਿਰਿਆ ਬੇਹੱਦ ਸੰਵੇਦਨਸ਼ੀਲ ਹੁੰਦੀ ਹੈ। ਜਗਦੀਪ ਸਿੰਘ ਦਾ ਇਹ ਨਿਰਸਵਾਰਥ ਕਦਮ ਸਮਾਜ ਅੰਦਰ ਅੰਗ ਦਾਨ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੇਗਾ।
