October 26, 2026
ਖਾਸ ਖ਼ਬਰਪੰਜਾਬਰਾਸ਼ਟਰੀ

ਬਹਾਵਲਪੁਰੀ ਸੱਭਿਆਚਾਰ ਦੀ ਸੰਭਾਲ ਲਈ ਠੋਸ ਕਦਮ ਚੁੱਕਣ ਦੀ ਲੋੜ: ਡਾ. ਹਸੀਜਾ

ਬਹਾਵਲਪੁਰੀ ਸੱਭਿਆਚਾਰ ਦੀ ਸੰਭਾਲ ਲਈ ਠੋਸ ਕਦਮ ਚੁੱਕਣ ਦੀ ਲੋੜ: ਡਾ. ਹਸੀਜਾ

ਪਟਿਆਲਾ- “ਅੱਜ ਦੇ ਆਧੁਨਿਕ ਅਤੇ ਇੰਟਰਨੈਟ ਯੁੱਗ ਵਿੱਚ ਬਹਾਵਲਪੁਰੀ ਸੱਭਿਆਚਾਰ ਅਤੇ ਭਾਸ਼ਾ ਦੀ ਸੰਭਾਲ ਲਈ ਠੋਸ ਅਤੇ ਵਿਹਾਰਕ ਕਦਮ ਚੁੱਕਣ ਦੀ ਸਖ਼ਤ ਲੋੜ ਹੈ, ਕਿਉਂਕਿ ਕਿਸੇ ਵੀ ਕੌਮ ਜਾਂ ਸਮਾਜ ਦੀ ਅਸਲ ਪਹਿਚਾਣ ਉਸ ਦੀ ਮਾਂ-ਬੋਲੀ ਅਤੇ ਸੱਭਿਆਚਾਰ ਵਿੱਚ ਹੁੰਦੀ ਹੈ।” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਸ਼ਾ ਵਿਭਾਗ ਦੇ ਸਾਬਕਾ ਨਿਰਦੇਸ਼ਕ, ਉੱਘੇ ਲੇਖਕ ਅਤੇ ਅਤੇ ਬਹਾਵਲਪੁਰ ਸਮਾਜ ਦੀ ਅਜ਼ੀਮ ਸ਼ਖ਼ਸੀਅਤ ਡਾ. ਮਦਨ ਲਾਲ ਹਸੀਜਾ ਨੇ ਕੀਤਾ। ਉਹ ਐਸਕੇ ਤਨੇਜਾ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਬਹਾਵਲਪੁਰ ਵਿਰਾਸਤ ਮੰਚ (ਏਬੀਵੀਐਮ) ਵੱਲੋਂ ਭਾਸ਼ਾ ਭਵਨ, ਪਟਿਆਲਾ ਵਿਖੇ ਕਰਵਾਏ ਗਏ ਵਿਸ਼ੇਸ਼ ਸੈਮੀਨਾਰ ਦੌਰਾਨ ਆਪਣਾ ਕੁੰਜੀਵਤ ਭਾਸ਼ਣ ਦੇ ਰਹੇ ਸਨ।
ਡਾ. ਹਸੀਜਾ ਨੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਦੇਸ਼-ਵਿਦੇਸ਼ ਵਿੱਚ ਬੈਠੀ ਨਵੀਂ ਪੀੜ੍ਹੀ ਆਪਣੀਆਂ ਵਿਰਾਸਤੀ ਜੜ੍ਹਾਂ ਨਾਲੋਂ ਦੂਰ ਹੁੰਦੀ ਜਾ ਰਹੀ ਹੈ। ਜੇਕਰ ਬਹਾਵਲਪੁਰ ਭਾਸ਼ਾ ਅਤੇ ਸਭਿਆਚਾਰ ਦਾ ਲਿਖਤੀ, ਸਾਹਿਤਕ ਅਤੇ ਡਿਜੀਟਲ ਦਸਤਾਵੇਜ਼ੀਕਰਨ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਆਪਣੀ ਇਤਿਹਾਸਕ ਪਹਿਚਾਣ ਤੋਂ ਵਾਂਝੀਆਂ ਰਹਿ ਜਾਣਗੀਆਂ।ਬਹਾਵਲਪੁਰੀ ਸੱਭਿਆਚਾਰ ਦੀ ਸੰਭਾਲ ਲਈ ਠੋਸ ਕਦਮ ਚੁੱਕਣ ਦੀ ਲੋੜ: ਡਾ. ਹਸੀਜਾ
ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਬਹਾਵਲਪੁਰ ਸਮਾਜ ਦੀ ਸ਼ਖ਼ਸੀਅਤ ਤੇਜਿੰਦਰ ਮਹਿਤਾ ਨੇ ਕਿਹਾ ਕਿ “ਵਿਰਾਸਤ ਸਿਰਫ਼ ਅਤੀਤ ਦੀ ਕੋਈ ਨਿਸ਼ਾਨੀ ਨਹੀਂ ਹੁੰਦੀ, ਸਗੋਂ ਇਹ ਸਾਡੇ ਵਰਤਮਾਨ ਦੀ ਰੂਹ ਅਤੇ ਭਵਿੱਖ ਦਾ ਮਾਰਗਦਰਸ਼ਕ ਹੁੰਦੀ ਹੈ। ਜਿਹੜੀਆਂ ਕੌਮਾਂ ਆਪਣੀ ਮਾਂ-ਬੋਲੀ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲ ਕੇ ਰੱਖਦੀਆਂ ਹਨ, ਉਹ ਸਮੇਂ ਦੇ ਵਹਾਅ ਵਿੱਚ ਵੀ ਆਪਣੀ ਹੋਂਦ ਅਤੇ ਸਵੈ-ਮਾਣ ਨੂੰ ਕਾਇਮ ਰੱਖਦੀਆਂ ਹਨ।” ਬਹਾਵਲਪੁਰੀ ਮਾਤ-ਭਾਸ਼ਾ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਬਚਾਉਣ ਲਈ ਏਬੀਵੀਐਮ ਵੱਲੋਂ ਕੀਤੇ ਗਏ ਯਤਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਬਹਾਵਲਪੁਰੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਸੰਭਾਲ ਤੇ ਪ੍ਰਚਾਰ-ਪ੍ਰਸਾਰ ਲਈ ਸਰਕਾਰੀ ਅਤੇ ਸਮਾਜਿਕ ਪੱਧਰ ‘ਤੇ ਹਰ ਸੰਭਵ ਸਹਿਯੋਗ ਦੇਣਗੇ।
ਸੈਮੀਨਾਰ ਦੌਰਾਨ ਭਾਰਤੀ ਬਹਾਵਲਪੁਰ ਮਹਾਸੰਘ ਦੇ ਰਾਸ਼ਟਰੀ ਪ੍ਰਧਾਨ ਸੁਸ਼ੀਲ ਕੁਮਾਰ ਪੋਪਲੀ ਮਹਾਰਾਸ਼ਟਰ ਤੋਂ ਵਿਸ਼ੇਸ਼ ਤੌਰ ‘ਤੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਪ੍ਰੋਗਰਾਮ ਨਾਲ ਜੁੜੇ। ਏਬੀਵੀਐਮ ਦੀ ਸਮੁੱਚੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਸ਼੍ਰੀ ਪੋਪਲੀ ਨੇ ਕਿਹਾ ਕਿ “ਬਹਾਵਲਪੁਰ ਸਮਾਜ ਦੇ ਹਿੱਤਾਂ, ਭਾਸ਼ਾ ਅਤੇ ਸੱਭਿਆਚਾਰ ਦੀ ਚੜ੍ਹਦੀ ਕਲਾ ਲਈ ਕੀਤੇ ਜਾਣ ਵਾਲੇ ਹਰੇਕ ਕਾਰਜ ਵਿੱਚ ਸਮੁੱਚੇ ਬਹਾਵਲਪੁਰ ਭਾਈਚਾਰੇ ਨੂੰ ਇੱਕਜੁੱਟ ਹੋ ਕੇ ਅੱਗੇ ਆਉਣਾ ਚਾਹੀਦਾ ਹੈ। ਏਕਤਾ ਹੀ ਸਾਡੀ ਅਸਲ ਤਾਕਤ ਹੈ।”ਬਹਾਵਲਪੁਰੀ ਸੱਭਿਆਚਾਰ ਦੀ ਸੰਭਾਲ ਲਈ ਠੋਸ ਕਦਮ ਚੁੱਕਣ ਦੀ ਲੋੜ: ਡਾ. ਹਸੀਜਾ
ਸੈਮੀਨਾਰ ਦੌਰਾਨ ਉੱਘੇ ਭਾਸ਼ਾ ਮਾਹਿਰ ਅਤੇ ਪੰਜਾਬੀ ਵਿਕੀਮੀਡੀਅਨ ਚਰਨ ਗਿੱਲ ਨੇ ਆਧੁਨਿਕ ਟੈਕਨਾਲੋਜੀ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਆਖਿਆ, “ਡਿਜੀਟਲ ਯੁੱਗ ਵਿੱਚ ਵਿਕੀਪੀਡੀਆ ਜਿਹੇ ਅੰਤਰਰਾਸ਼ਟਰੀ ਇੰਟਰਨੈੱਟ ਪਲੇਟਫ਼ਾਰਮਾਂ ‘ਤੇ ਬਹਾਵਲਪੁਰੀ ਭਾਸ਼ਾ, ਸ਼ਬਦਕੋਸ਼ ਅਤੇ ਇਸ ਦੇ ਅਮੀਰ ਇਤਿਹਾਸ ਨੂੰ ਸਦੀਵੀ ਤੌਰ ‘ਤੇ ਸੁਰੱਖਿਅਤ ਕਰਨਾ ਸਮੇਂ ਦੀ ਮੁੱਖ ਮੰਗ ਹੈ।” ਉਨ੍ਹਾਂ ਬਹਾਵਲਪੁਰੀ ਬੋਲੀ ਦੇ ਆਨਲਾਈਨ ਦਸਤਾਵੇਜ਼ੀਕਰਨ ਅਤੇ ਇਸ ਨੂੰ ਡਿਜੀਟਲ ਸੰਸਾਰ ਦੇ ਹਾਣ ਦੀ ਬਣਾਉਣ ਲਈ ਸਵੈ-ਇੱਛੁਕ ਤੌਰ ‘ਤੇ ਆਪਣੀਆਂ ਤਕਨੀਕੀ ਤੇ ਭਾਸ਼ਾਈ ਸੇਵਾਵਾਂ ਦੇਣ ਦਾ ਵਚਨ ਵੀ ਦਿੱਤਾ।
ਇਸ ਤੋਂ ਇਲਾਵਾ ਪੰਜਾਬ ਸਟੇਟ ਇੰਡਸਟ੍ਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰਵੀਣ ਛਾਬੜਾ, ਭਾਰਤੀ ਬਹਾਵਲਪੁਰ ਮਹਾਸੰਘ ਦੇ ਸੀਨੀਅਰ ਉਪਪ੍ਰਧਾਨ ਸ਼ਿਆਮ ਸੁੰਦਰ ਵਧਵਾ, ਪੰਜਾਬ ਪ੍ਰਧਾਨ ਰਾਜ ਕੁਮਾਰ ਸਚਦੇਵਾ, ਸਕੱਤਰ ਸੁਨੀਲ ਕਿੰਗਰ, ਪ੍ਰਦੇਸ਼ ਯੂਥ ਪ੍ਰਧਾਨ ਕ੍ਰਿਸ਼ਨ ਸਿੰਧੀ, ਕਾਰਜਕਾਰਣੀ ਮੈਂਬਰ ਵਿਜੈ ਛਾਬੜਾ ਅਤੇ ਮਦਨ ਰਾਣਾ, ਜਗਦੀਸ਼ ਆਹੂਜਾ, ਦਿਨੇਸ਼ ਚਾਵਲਾ, ਰਮੇਸ਼ ਮਾਸਟਰ, ਰਜਿੰਦਰ ਸਚਦੇਵਾ, ਰਾਧਾ ਕ੍ਰਿਸ਼ਨ ਅਨੇਜਾ, ਸਤੀਸ਼ ਅਨੇਜਾ, ਰਾਜ ਕੁਮਾਰ ਛਾਬੜਾ, ਪ੍ਰਵੀਣ ਮਦਾਨ, ਐਮਸੀ ਦਿਨੇਸ਼ ਮਹਿਤਾ, ਐਮਸੀ ਮੋਹਿਤ ਕੁਕਰੇਜਾ, ਪੁਰਸ਼ੋਤਮ ਕਿੰਗਰ, ਪੰਚਾਇਤ ਮੁਖੀ ਸੁਰੇਸ਼ ਭਟੇਜਾ ਰਾਜਪੁਰਾ, ਮੈਂਬਰ ਸ਼ਾਮ ਲਾਲ, ਦਰਸ਼ਨ ਵਧਵਾ, ਹੰਸਰਾਜ, ਬਹਾਵਲਪੁਰ ਮਹਾਸੰਘ ਯੂਥ ਵਿੰਗ ਸਮਾਣਾ ਦੇ ਐਡਵੋਕੇਟ ਦਵਿੰਦਰ ਹਸੀਜਾ, ਦਵਿੰਦਰ ਜੈਸਿੰਘ ਅਤੇ ਸੰਜੈ ਮੰਤਰੀ, ਰਾਹੁਲ ਸੇਠੀ, ਸੁਮੀਤ ਟਕੇਜਾ, ਗੌਰਵ ਛਾਬੜਾ ਅਤੇ ਬਹਾਵਲਪੁਰ ਸਮਾਜ ਦੀਆਂ ਹੋਰ ਨਾਮਵਰ ਸ਼ਖ਼ਸੀਅਤਾਂ, ਵਿਦਵਾਨਾਂ, ਭਾਸ਼ਾ ਮਾਹਿਰਾਂ, ਬੁੱਧੀਜੀਵੀਆਂ ਅਤੇ ਸਾਹਿਤਕਾਰਾਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ।
ਪਬਲਿਕ ਕਾਲਜ ਸਮਾਣਾ ਦੇ ਪ੍ਰੋਫੈਸਰ ਅਸ਼ਵਨੀ ਕੁਮਾਰ ਮਦਾਨ ਨੇ ਬਾਖ਼ੂਬੀ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ। ਸਮਾਗਮ ਦੇ ਅੰਤ ਵਿੱਚ ਮੰਚ ਦੇ ਸੰਯੋਜਕ ਸੁਰਿੰਦਰ ਕੁਮਾਰ ਤਨੇਜਾ ਸਮੁੱਚੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਏਬੀਵੀਐਮ ਹਰ ਪ੍ਰਕਾਰ ਦੇ ਰਾਜਨੀਤਿਕ, ਵਿਚਾਰਕ ਅਤੇ ਸਮਾਜਿਕ ਮਤਭੇਦ ਤੋਂ ਉੱਪਰ ਉੱਠਕੇ ਬਹਾਵਲਪੁਰ ਵਿਰਾਸਤ ਦੀ ਸੰਭਾਲ ਲਈ ਨਿਰੰਤਰ ਕੰਮ ਕਰੇਗਾ।

Related posts

ਮਰਨ ਵਰਤ ਦਾ ਚੌਥਾ ਦਿਨ: ਪ੍ਰਸ਼ਾਂਤ ਕਿਸ਼ੋਰ ਨੇ ਰਾਹੁਲ ਤੇ ਤੇਜਸਵੀ ਤੋਂ ਸਾਥ ਮੰਗਿਆ

Current Updates

ਹੋਣ ਵਾਲੇ ਪਤੀ ਨੇ ਹੀ ਰਚੀ ਸੀ 72 ਸਾਲਾ ਮਹਿਲਾ ਦੇ ਕਤਲ ਦੀ ਸਾਜਿਸ਼

Current Updates

ਅਸਾਮ: 1500 ਕਿਲੋਗ੍ਰਾਮ ਦੇ ਕਰੀਬ ਨਸ਼ੀਲੇ ਪਦਾਰਥ ਜ਼ਬਤ, 3 ਗ੍ਰਿਫ਼ਤਾਰ

Current Updates

Leave a Comment