October 15, 2026
ਖਾਸ ਖ਼ਬਰਪੰਜਾਬਰਾਸ਼ਟਰੀ

ਅੰਮ੍ਰਿਤਸਰ-ਦੁਬਈ ਉਡਾਣ ’ਚ ਦੇਰੀ ਕਾਰਨ 300 ਯਾਤਰੀਆਂ ਵੱਲੋਂ ਹੰਗਾਮਾ; SpiceJet ਖ਼ਿਲਾਫ਼ ਹਵਾਈ ਅੱਡੇ ’ਚ ਨਾਅਰੇਬਾਜ਼ੀ

ਅੰਮ੍ਰਿਤਸਰ-ਦੁਬਈ ਉਡਾਣ ’ਚ ਦੇਰੀ ਕਾਰਨ 300 ਯਾਤਰੀਆਂ ਵੱਲੋਂ ਹੰਗਾਮਾ; SpiceJet ਖ਼ਿਲਾਫ਼ ਹਵਾਈ ਅੱਡੇ ’ਚ ਨਾਅਰੇਬਾਜ਼ੀ

ਅੰਮ੍ਰਿਤਸਰ-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਐਤਵਾਰ ਨੂੰ ਸਪਾਈਸਜੈੱਟ (SpiceJet) ਦੀ ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਫਲਾਈਟ ਵਿੱਚ ਘੰਟਿਆਂ ਬੱਧੀ ਹੋਈ ਦੇਰੀ ਕਾਰਨ ਭਾਰੀ ਹੰਗਾਮਾ ਹੋ ਗਿਆ। ਕਰੀਬ 300 ਯਾਤਰੀਆਂ ਨੂੰ ਹਵਾਈ ਅੱਡੇ ’ਤੇ ਘੰਟਿਆਂ ਤੱਕ ਖੱਜਲ-ਖੁਆਰ ਹੋਣਾ ਪਿਆ, ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਯਾਤਰੀਆਂ ਨੇ ਏਅਰਲਾਈਨਜ਼ ਕੰਪਨੀ ਦੀ ਮਾੜੀ ਕਾਰਗੁਜ਼ਾਰੀ ਖ਼ਿਲਾਫ਼ ਜੰਮ ਕੇ ਪ੍ਰਦਰਸ਼ਨ ਕੀਤਾ ਅਤੇ ‘ਸਪਾਈਸਜੈੱਟ ਮੁਰਦਾਬਾਦ’ ਦੇ ਨਾਅਰੇ ਲਗਾਏ।

ਜਾਣਕਾਰੀ ਅਨੁਸਾਰ ਇਹ ਉਡਾਣ ਸਵੇਰੇ 8:40 ਵਜੇ ਰਵਾਨਾ ਹੋਣੀ ਸੀ, ਪਰ ਨਿਰਧਾਰਤ ਸਮੇਂ ‘ਤੇ ਫਲਾਈਟ ਉੱਡ ਨਹੀਂ ਸਕੀ। ਪਹਿਲਾਂ ਇਸ ਦਾ ਸਮਾਂ ਵਧਾ ਕੇ 11 ਵਜੇ ਕੀਤਾ ਗਿਆ, ਪਰ ਬਾਅਦ ਵਿੱਚ ਏਅਰਲਾਈਨਜ਼ ਦੇ ਕਾਊਂਟਰ ’ਤੇ ਦੱਸਿਆ ਗਿਆ ਕਿ ਉਡਾਣ ਹੁਣ ਦੇਰ ਰਾਤ 2:30 ਵਜੇ (ਅਗਲੇ ਦਿਨ) ਰਵਾਨਾ ਹੋਵੇਗੀ। ਇਸ ਨਾਲ ਯਾਤਰੀਆਂ ਨੂੰ ਪੂਰੀ ਰਾਤ ਹਵਾਈ ਅੱਡੇ ’ਤੇ ਬਿਤਾਉਣ ਲਈ ਮਜ਼ਬੂਰ ਹੋਣਾ ਪਿਆ। ਪਰੇਸ਼ਾਨ ਯਾਤਰੀ ਕਾਊਂਟਰ ‘ਤੇ ਇਕੱਠੇ ਹੋ ਗਏ ਅਤੇ ਕੰਪਨੀ ਦੇ ਮੁਲਾਜ਼ਮਾਂ ਨਾਲ ਤਿੱਖੀ ਬਹਿਸ ਕੀਤੀ।

ਇਹ ਖੱਜਲ-ਖੁਆਰੀ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨਾਲ ਯਾਤਰਾ ਕਰ ਰਹੇ ਪਰਿਵਾਰਾਂ ਲਈ ਬੇਹੱਦ ਔਖੀ ਸਾਬਿਤ ਹੋਈ। ਇੱਕ ਮਹਿਲਾ ਯਾਤਰੀ ਨੇ ਏਅਰਲਾਈਨਜ਼ ਸਟਾਫ਼ ਨੂੰ ਆਪਣਾ ਦਰਦ ਬਿਆਨ ਕਰਦਿਆਂ ਪੁੱਛਿਆ ਕਿ ਉਹ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਖੁੱਲ੍ਹੇ ਵਿੱਚ ਧੁੱਪੇ ਬੈਠ ਕੇ ਕਿੱਥੇ ਦੁੱਧ ਪਿਲਾਵੇ। ਲੁਧਿਆਣਾ ਤੋਂ ਆਪਣੀ ਛੇ ਸਾਲਾ ਧੀ ਨਾਲ ਆਈ ਆਂਚਲ ਸੂਦ ਨੇ ਦੱਸਿਆ ਕਿ ਉਹ ਸਵੇਰੇ ਟੈਕਸੀ ਕਰਕੇ ਪਹੁੰਚੇ ਸਨ, ਪਰ ਵਾਰ-ਵਾਰ ਸਮਾਂ ਬਦਲ ਕੇ ਹੁਣ ਰਾਤ ਦੇ 2 ਵਜੇ ਦਾ ਸੁਨੇਹਾ ਭੇਜ ਦਿੱਤਾ ਗਿਆ, ਜਿਸ ਨਾਲ ਛੋਟੇ ਬੱਚਿਆਂ ਨੂੰ ਸੰਭਾਲਣਾ ਬਹੁਤ ਮੁਸ਼ਕਿਲ ਹੋ ਗਿਆ। ਦੂਜੇ ਪਾਸੇ, ਹਵਾਈ ਅੱਡੇ ਦੇ ਡਿਊਟੀ ਅਫ਼ਸਰ ਨੇ ਦੱਸਿਆ ਕਿ ਦੁਬਈ ਤੋਂ ਆਉਣ ਵਾਲੀ ਸਪਾਈਸਜੈੱਟ ਦੀ ਉਡਾਣ ਆਪ 5 ਘੰਟੇ ਦੀ ਦੇਰੀ ਨਾਲ ਪਹੁੰਚੀ ਸੀ, ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ। ਉਨ੍ਹਾਂ ਦੱਸਿਆ ਕਿ ਦੁਪਹਿਰ ਕਰੀਬ 2:15 ਵਜੇ ਮਾਮਲਾ ਸੁਲਝਾ ਲਿਆ ਗਿਆ ਸੀ।

Related posts

ਇੰਟਰਨੈੱਟ ਕੀਮਤਾਂ ਨਿਯਮਤ ਕਰਨ ਬਾਰੇ ਪਟੀਸ਼ਨ ਐਸ.ਸੀ.ਵੱਲੋਂ ਖ਼ਾਰਜ

Current Updates

ਅਜਨਾਲਾ ਨੇੜੇ ਖੇਤਾਂ ’ਚੋਂ ਤਿੰਨ ਗਰਨੇਡ ਬਰਾਮਦ

Current Updates

ਗਹਿਲੋਤ ਵੱਲੋਂ ਡੱਲੇਵਾਲ ਦੀ ਭੁੱਖ ਹੜਤਾਲ ਨੂੰ ਲੈ ਕੇ ਪੰਜਾਬ ਤੇ ਕੇਂਦਰ ਸਰਕਾਰ ਦੀ ਆਲੋਚਨਾ

Current Updates

Leave a Comment